
ਸੋਸ਼ਲ ਮੀਡੀਆ ’ਤੇ ਟਰੋਲ ਹੋ ਰਹੇ ਤ੍ਰਿਵੇਂਦਰ ਸਿੰਘ ਰਾਵਤ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਇਕ ਅਜੀਬੋ ਗਰੀਬ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਇਕ ਜੀਵ ਹੈ ਅਤੇ ਉਸ ਨੂੰ ਵੀ ਜਿਉਣ ਦਾ ਅਧਿਕਾਰ ਹੈ। ਉਹਨਾਂ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਉਹਨਾਂ ਨੂੰ ਕਾਫ਼ੀ ਟਰੋਲ ਵੀ ਕੀਤਾ ਜਾ ਰਿਹਾ ਹੈ।
Trivendra Singh Rawat
ਦਰਅਸਲ ਤ੍ਰਿਵੇਂਦਰ ਸਿੰਘ ਰਾਵਤ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, ‘ਫ਼ਿਲਾਸਫ਼ਰ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਕੋਰੋਨਾ ਵਾਇਰਸ ਵੀ ਇਕ ਜੀਵਤ ਪ੍ਰਾਣੀ ਹੈ। ਬਾਕੀ ਲੋਕਾਂ ਦੀ ਤਰ੍ਹਾਂ ਇਸ ਨੂੰ ਵੀ ਜਿਉਣ ਦਾ ਅਧਿਕਾਰ ਹੈ ਪਰ ਅਸੀਂ (ਮਨੁੱਖ) ਖੁਦ ਨੂੰ ਸਭ ਤੋਂ ਬੁੱਧੀਮਾਨ ਸਮਝਦੇ ਹਾਂ ਅਤੇ ਇਸ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੇ ਹਾਂ। ਇਸ ਲਈ ਉਹ (ਵਾਇਰਸ) ਲਗਾਤਾਰ ਖੁਦ ਨੂੰ ਬਦਲ ਰਿਹਾ ਹੈ’।
Coronavirus
ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਮਨੁੱਖ ਨੂੰ ਸੁਰੱਖਿਅਤ ਰਹਿਣ ਲਈ ਵਾਇਰਸ ਤੋਂ ਅੱਗੇ ਨਿਕਲਣ ਦੀ ਲੋੜ ਹੈ। ਤ੍ਰਿਵੇਂਦਰ ਸਿੰਘ ਰਾਵਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ।
Coronavirus
ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਇਸ ਕੋਰੋਨਾ ਵਾਇਰਸ ਦੇ 3.43 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਅਤੇ ਲਗਾਤਾਰ ਦੂਜੇ ਦਿਨ 4 ਹਜ਼ਾਰ ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਵਿਚ ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ 20,27,162 ਲੋਕਾਂ ਦਾ ਟੀਕਾਕਰਨ ਹੋਇਆ।