
5 ਸਾਲਾ ਬੱਚਾ ਗੰਭੀਰ ਜ਼ਖ਼ਮੀ
ਪ੍ਰਯਾਗਰਾਜ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸ਼ਨੀਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਇਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਘਰ ਦੇ ਬਾਹਰ ਬੈਠੇ 5 ਲੋਕਾਂ ਨੂੰ ਕੁਚਲ ਦਿਤਾ। ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ 5 ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦਾ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ 'ਚ ਪਤੀ-ਪਤਨੀ ਅਤੇ 7 ਸਾਲ ਦਾ ਬੇਟਾ ਸ਼ਾਮਲ ਹੈ। ਘਟਨਾ ਸੋਰਾਓਂ ਥਾਣੇ ਦੇ ਨਾਹਰ ਡਡੋਲੀ ਲੱਕੜਮੰਡੀ ਚੌਰਾਹੇ ਦੀ ਹੈ।
ਇਹ ਵੀ ਪੜ੍ਹੋ: ਤਾਮਿਲਨਾਡੂ 'ਚ ਦਰਦਨਾਕ ਹਾਦਸਾ, ਸੇਪਟਿਕ ਟੈਂਕ 'ਚ ਜ਼ਹਿਰੀਲੇ ਧੂੰਏਂ ਵਿਚ ਸਾਹ ਲੈਣ ਨਾਲ ਤਿੰਨ ਦੀ ਮੌਤ
ਘਟਨਾ ਤੋਂ ਬਾਅਦ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਗੁੱਸੇ 'ਚ ਆਏ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਲਾਸ਼ਾਂ ਨੂੰ ਪ੍ਰਤਾਪਗੜ੍ਹ-ਪ੍ਰਯਾਗਰਾਜ ਹਾਈਵੇ 'ਤੇ ਰੱਖ ਕੇ ਸੜਕ ਜਾਮ ਕਰ ਦਿਤੀ। ਨਾਰਾਜ਼ ਪਿੰਡ ਵਾਸੀਆਂ ਨੇ ਡੀਐਮ ਅਤੇ ਸੀਐਮ ਨੂੰ ਮੌਕੇ ’ਤੇ ਬੁਲਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿਤੀ। ਇੰਚਾਰਜ ਇੰਸਪੈਕਟਰ ਅਸ਼ੋਕ ਕੁਮਾਰ ਐਸਡੀਐਮ ਸਰਾਵਾਂ ਸਾਰਥਕ ਅਗਰਵਾਲ ਸਮੇਤ ਮੌਕੇ ’ਤੇ ਪੁੱਜੇ। ਉਹ ਕਾਫੀ ਦੇਰ ਤੱਕ ਪਿੰਡ ਵਾਸੀਆਂ ਨੂੰ ਸਮਝਾਉਂਦੇ ਰਹੇ ਪਰ ਉਹ ਮੰਨਣ ਨੂੰ ਤਿਆਰ ਨਹੀਂ ਸਨ। ਕਾਫੀ ਮੁਸ਼ੱਕਤ ਤੋਂ ਬਾਅਦ ਦੇਰ ਰਾਤ ਪੁਲਿਸ ਪ੍ਰਸ਼ਾਸਨ ਨੇ ਸਥਾਨਕ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਜਾਮ ਖੁਲ੍ਹਵਾਇਆ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ।
ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਪਲਟੀ ਬੱਸ, 7 ਲੋਕਾਂ ਦੀ ਹੋਈ ਮੌਤ
ਮ੍ਰਿਤਕ 35 ਸਾਲਾ ਰਾਜਿੰਦਰ ਸਾਹੂ ਦਾ ਪਰਿਵਾਰ ਪਿੰਡ ਗਧੀਨਾ ਵਿਚ ਰਹਿੰਦਾ ਸੀ। ਜਦੋਂ ਕਿ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਸਰਾਵਾਂ ਵਿਚ ਰਹਿੰਦਾ ਸੀ ਅਤੇ ਭਾਂਡਿਆਂ ਦੀ ਦੁਕਾਨ ਚਲਾਉਂਦਾ ਸੀ। ਸ਼ਨੀਵਾਰ ਰਾਤ ਨੂੰ ਉਹ ਪਰਿਵਾਰ ਨਾਲ ਘਰ ਦੇ ਬਾਹਰ ਬੈਠਾ ਸੀ ਕਿ ਅਚਾਨਕ ਪ੍ਰਤਾਪਗੜ੍ਹ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ ਨੇ ਰਾਜਿੰਦਰ ਦੇ ਪੂਰੇ ਪਰਿਵਾਰ ਨੂੰ ਕੁਚਲ ਦਿਤਾ। ਇਸ ਤੋਂ ਬਾਅਦ ਕਾਰ ਪਲਟ ਗਈ। ਹਾਦਸੇ 'ਚ ਰਾਜਿੰਦਰ ਸਾਹੂ, ਉਸ ਦੀ ਪਤਨੀ ਸਰਿਤਾ, ਪੁੱਤਰ ਅਰਨਵ ਅਤੇ ਗਾਹਕ ਲੱਲੂ (50) ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਜਿੰਦਰ ਦੇ ਭਤੀਜੇ ਪਰਮਜੀਤ ਦਾ 13 ਦਿਨਾਂ ਬਾਅਦ ਵਿਆਹ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਸਾਈਡ 'ਤੇ ਜਾ ਕੇ ਪਲਟ ਗਈ। ਇਸ ਦੌਰਾਨ ਉਸ 'ਚ ਸਵਾਰ ਲੋਕ ਬਾਹਰ ਨਿਕਲ ਕੇ ਭੱਜ ਗਏ। ਪੁਲਿਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁੱਸੇ 'ਚ ਆਏ ਲੋਕਾਂ ਨੇ ਕਾਰ ਦੀ ਭੰਨਤੋੜ ਵੀ ਕੀਤੀ। ਪੁਲਿਸ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਰੋਕ ਕੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਲੋਕ ਘਰ ਦੇ ਬਾਹਰ ਸੜਕ ਕਿਨਾਰੇ ਮੰਜੇ 'ਤੇ ਬੈਠੇ ਸਨ। ਉਦੋਂ ਇਕ ਤੇਜ਼ ਰਫਤਾਰ ਬੇਕਾਬੂ ਕਾਰ ਨੇ ਇਨ੍ਹਾਂ ਲੋਕਾਂ ਨੂੰ ਦਰੜ ਦਿੱਤਾ। ਹਾਦਸੇ ਦੀ ਆਵਾਜ਼ ਸੁਣ ਕੇ ਅਸੀਂ ਮੌਕੇ 'ਤੇ ਪਹੁੰਚ ਗਏ। ਇਸ ਤੋਂ ਬਾਅਦ ਕਾਰ ਸੜਕ ਕਿਨਾਰੇ ਪਲਟ ਗਈ।