
'ਆਪ' ਨੇਤਾਵਾਂ ਨੂੰ ਪੰਡਾਲ 'ਚੋਂ ਚੁੱਕਿਆ
ਹਰਿਆਣਾ - ਸਿਰਸਾ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਜਨ ਸੰਵਾਦ ਪ੍ਰੋਗਰਾਮ ਦੌਰਾਨ ਹੰਗਾਮਾ ਹੋ ਗਿਆ। ਡੱਬਵਾਲੀ ਵਿਚ ਪ੍ਰੋਗਰਾਮ ਦੌਰਾਨ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ। ਜਦਕਿ ਆਮ ਆਦਮੀ ਪਾਰਟੀ ਦੇ ਪੱਛਮੀ ਜ਼ੋਨ ਦੇ ਕਨਵੀਨਰ ਕੁਲਦੀਪ ਗਦਰਾਣਾ ਨੂੰ ਪੁਲਿਸ ਨੇ ਪੰਡਾਲ ਵਿਚੋਂ ਚੁੱਕ ਲਿਆ। ਜਦੋਂ ਕੁਲਦੀਪ ਨੇ ਸੀਐਮ ਨੂੰ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਰਾਜਨੀਤੀ ਕਰਨ ਆਏ ਹੋ, ਇਹਨਾਂ ਨੂੰ ਬਾਹਰ ਕੱਢੋ ਅਤੇ ਕੁੱਟੋ।
ਇਸ ਤੋਂ ਪਹਿਲਾਂ 40 ਤੋਂ 50 ਕਿਸਾਨ ਸਰ੍ਹੋਂ ਦੀ ਖਰੀਦ, ਸਿੰਚਾਈ ਲਈ ਲੋੜੀਂਦੀ ਬਿਜਲੀ ਦੀ ਘਾਟ ਅਤੇ ਆਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ 2 ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਦਿੱਤਾ। ਜਦੋਂ ਕਿ ਸਾਰੇ 40 ਕਿਸਾਨ ਮੁੱਖ ਮੰਤਰੀ ਦੇ ਜਨ ਸੰਵਾਦ ਪ੍ਰੋਗਰਾਮ ਵਿੱਚ ਇਕੱਠੇ ਜਾਣ 'ਤੇ ਅੜੇ ਹੋਏ ਸਨ। ਜਿਸ ਤੋਂ ਬਾਅਦ ਮਾਮਲਾ ਵਿਗੜ ਗਿਆ।
ਪੁਲਿਸ ਨੇ ਲਾਠੀਚਾਰਜ ਕਰਕੇ ਸਾਰੇ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਕਿਸਾਨਾਂ ਦੇ ਨਾਲ ਆਸ਼ਾ ਵਰਕਰਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਇਸ ਤੋਂ ਪਹਿਲਾਂ ਕਿਸਾਨਾਂ ਨੇ ਉਨ੍ਹਾਂ ਦੇ ਕਾਫ਼ਲੇ ਨੂੰ ਕਾਲੇ ਝੰਡੇ ਦਿਖਾਏ ਸਨ। ਇਸ ਦੌਰਾਨ ਸੀਐਮ ਮਨੋਹਰ ਲਾਲ ਨੇ ਡੱਬਵਾਲੀ ਨੂੰ ਪੁਲਿਸ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਦੀ ਸਖ਼ਤੀ ਜ਼ਰੂਰੀ ਹੈ। ਇੱਥੇ ਨਸ਼ਾ ਬਹੁਤ ਵਧ ਰਿਹਾ ਹੈ। ਡੱਬਵਾਲੀ ਸਿਰਸਾ ਤੋਂ ਦੂਰ ਪੈਂਦਾ ਹੈ। ਜੇ ਤੁਸੀਂ ਸਹਿਮਤ ਹੋ, ਆਓ ਇੱਕ ਵੱਖਰਾ ਪੁਲਿਸ ਜ਼ਿਲ੍ਹਾ ਬਣਾ ਦਈਏ।
ਡੱਬਵਾਲੀ ਪੁਲਿਸ ਜ਼ਿਲ੍ਹਾ ਬਣਨ ਨਾਲ ਇਸ ਵਿਚ ਨਸ਼ਿਆਂ ਦੀ ਰੋਕਥਾਮ ਹੋਵੇਗੀ। ਇਸ ਦੇ ਨਾਲ ਹੀ ਮਨੋਹਰ ਲਾਲ ਖੱਟਰ ਨੇ ਮੰਡੀ ਦੇ ਵਿਸਤਾਰ ਲਈ ਸਾਢੇ 6 ਏਕੜ ਐਚਐਸਵੀਪੀ ਜ਼ਮੀਨ ਮੰਡੀ ਨੂੰ ਦੇਣ ਦਾ ਐਲਾਨ ਕੀਤਾ। ਜਦੋਂ ਮੁੱਖ ਮੰਤਰੀ ਜਨਤਕ ਸੰਵਾਦ ਕਰ ਰਹੇ ਸਨ ਤਾਂ ਆਮ ਆਦਮੀ ਪਾਰਟੀ ਦੇ ਪੱਛਮੀ ਜ਼ੋਨ ਦੇ ਕਨਵੀਨਰ ਕੁਲਦੀਪ ਗਦਰਾਣਾ ਨੇ ਪੰਡਾਲ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਟੋਕ ਦਿੱਤਾ।
ਸੀਐਮ ਨੇ ਕਿਹਾ ਕਿ ਉਹ ਡੇਢ ਘੰਟੇ ਤੋਂ ਬੋਲ ਰਹੇ ਹਨ। ਇਹ ਆਮ ਆਦਮੀ ਪਾਰਟੀ ਦਾ ਵਰਕਰ ਹੈ, ਇਸ ਨੂੰ ਚੁੱਕ ਕੇ ਬਾਹਰ ਕੱਢੋ, ਕੁੱਟੋ। ਇਸ ਤੋਂ ਬਾਅਦ ਸੀਆਈਡੀ ਸਟਾਫ ਨੇ ਉਸ ਨੂੰ ਚੁੱਕ ਕੇ ਬਾਹਰ ਕੱਢਿਆ ਅਤੇ ਹਿਰਾਸਤ ਵਿਚ ਲੈ ਲਿਆ। ਦੂਜੇ ਪਾਸੇ ਜ਼ਿਲ੍ਹੇ ਦੇ ਸਰਪੰਚ ਆਗੂਆਂ ਨੂੰ ਵੀ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਿਰਸਾ-ਓਧਨ-ਜਲਾਣਾ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸੀਐਮ ਨੇ ਕੱਲ੍ਹ ਹੀ ਇਸ ਬੱਸ ਨੂੰ ਚਲਾਉਣ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਸੀਐਮ ਨੇ ਸਵੇਰੇ ਪਿੰਡ ਜਗਮਾਲਵਾਲੀ ਦੀ ਗਊਸ਼ਾਲਾ ਵਿਚ ਗਊਆਂ ਨੂੰ ਚਾਰਾ ਪਾ ਕੇ ਦਿਨ ਦੀ ਸ਼ੁਰੂਆਤ ਕੀਤੀ।