
ਮਾਪਿਆਂ ਨੂੰ ਅਪਣੇ ਬੱਚਿਆਂ ’ਤੇ ਦਬਾਅ ਨਾ ਪਾਉਣ ਦੀ ਅਪੀਲ ਕੀਤੀ
ਅਲੀਗੜ੍ਹ : ਅਲੀਗੜ੍ਹ ਦੇ ਇਕ ਸਿੱਖਿਆ ਅਧਿਕਾਰੀ ਨੇ ਅਪਣੇ ਬੇਟੇ ਵਲੋਂ 12ਵੀਂ ਜਮਾਤ ਦੇ ਬੋਰਡ ਇਮਤਿਹਾਨ 60 ਫ਼ੀ ਸਦੀ ਅੰਕਾਂ ਨਾਲ ਪਾਸ ਹੋਣ ਦਾ ਜਸ਼ਨ ਮਨਾ ਕੇ ਮਾਪਿਆਂ ਲਈ ਮਿਸਾਲ ਕਾਇਮ ਕੀਤੀ ਹੈ। ਅਲੀਗੜ੍ਹ ਮੁਢਲੀ ਸਿੱਖਿਆ ਅਧਿਕਾਰੀ ਰਾਕੇਸ਼ ਸਿੰਘ ਨੇ ਇਮਤਿਹਾਨ ਦੇ ਨਤੀਜਿਆਂ ਦੇ ਐਲਾਨ ਤੋਂ ਕੁੱਝ ਘੰਟਿਆਂ ਬਾਅਦ ਮੰਗਲਵਾਰ ਨੂੰ ‘ਐਕਸ’ ’ਤੇ ਲਿਖਿਆ, ‘‘ਮੇਰੇ ਬੇਟੇ ਰਿਸ਼ੀ ਨੇ 60 ਫੀ ਸਦੀ ਅੰਕਾਂ ਨਾਲ 12ਵੀਂ ਦਾ ਇਮਤਿਹਾਨ ਪਾਸ ਕੀਤਾ ਹੈ। ਬੇਟੇ, ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।’’
ਪੋਸਟ ’ਚ, ਰਾਕੇਸ਼ ਸਿੰਘ ਨੇ ਅਪਣੇ ਬੇਟੇ ਨਾਲ ਹੋਈ ਗੱਲਬਾਤ ਦਾ ਜ਼ਿਕਰ ਵੀ ਕੀਤਾ, ਜਿਸ ਨੇ ਉਨ੍ਹਾਂ ਨੂੰ ਪੁਛਿਆ ਕਿ ਕੀ ਉਹ ਮਾਮੂਲੀ ਸਕੋਰ ਤੋਂ ਨਾਰਾਜ਼ ਹਨ। ਰਾਕੇਸ਼ ਸਿੰਘ ਨੇ ਇਸ ’ਤੇ ਨਾਂਹ ਕਿਹਾ ਅਤੇ ਕਿਹਾ ਕਿ ਖ਼ੁਦ ਉਨ੍ਹਾਂ ਨੇ ਗ੍ਰੈਜੂਏਸ਼ਨ ’ਚ 52 ਫ਼ੀ ਸਦੀ, 10ਵੀਂ ’ਚ 60 ਫ਼ੀ ਸਦੀ ਅਤੇ 12ਵੀਂ ’ਚ 75 ਫ਼ੀ ਸਦੀ ਅੰਕ ਪ੍ਰਾਪਤ ਕੀਤੇ ਸਨ। ਉਨ੍ਹਾਂ ਨੇ ਪੋਸਟ ’ਚ ਮੁੰਡੇ ਦੀ ਮਾਰਕਸ਼ੀਟ ਵੀ ਪੋਸਟ ਕੀਤੀ।
ਇਲਾਹਾਬਾਦ ਯੂਨੀਵਰਸਿਟੀ ’ਚ ਗ੍ਰੈਜੂਏਸ਼ਨ ਦੇ ਦਾਖਲੇ ’ਚ ਆਮ ਗਿਆਨ ਵਿਸ਼ੇ ਨਾਲ ਅਪਣੇ ਸੰਘਰਸ਼ ਦਾ ਵੇਰਵਾ ਦਿੰਦੇ ਹੋਏ ਰਾਕੇਸ਼ ਸਿੰਘ ਨੇ ਕਿਹਾ, ‘‘ਅਸੀਂ ਕਿਤੇ ਵੀ, ਕਿਸੇ ਵੀ ਸਮੇਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹਾਂ।’’ ਫਿਰ ਵੀ, ਉਨ੍ਹਾਂ ਨੇ ਕਿਹਾ, ‘‘ਮੈਂ ਲੋਕ ਸੇਵਾ ਕਮਿਸ਼ਨ ਦੇ ਇਮਤਿਹਾਨ ’ਚ ਇਤਿਹਾਸ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 2000 ’ਚੋਂ ਅਪਣੇ ਕਾਡਰ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਮੈਂ ਸਾਬਤ ਕਰ ਦਿਤਾ, ਇਹ ਮੇਰੀ ਜ਼ਿੱਦ ਸੀ।’’
ਰਾਕੇਸ਼ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਦੇ ਸੁਪਨਿਆਂ ਨੂੰ ਮਨਜ਼ੂਰ ਕਰਨ ਅਤੇ ਉਨ੍ਹਾਂ ’ਤੇ ਬੇਲੋੜਾ ਦਬਾਅ ਨਾ ਪਾਉਣ। ਉਨ੍ਹਾਂ ਕਿਹਾ, ‘‘ਜੇ ਤੁਸੀਂ ਸਫਲ ਨਹੀਂ ਹੋ ਸਕੇ, ਕੋਈ ਗੱਲ ਨਹੀਂ। ਇਹ ਸੱਚ ਹੈ ਕਿ ਤੁਹਾਨੂੰ ਅਪਣੇ ਬੱਚਿਆਂ ਲਈ ਬਹੁਤ ਸਾਰੇ ਸੁਪਨੇ ਹੋਣਗੇ। ਤੁਹਾਨੂੰ ਅਪਣੇ ਬੱਚਿਆਂ ਰਾਹੀਂ ਅਪਣੇ ਸੁਪਨਿਆਂ ਨੂੰ ਪੂਰਾ ਕਰਨਾ ਹੁੰਦਾ ਹੈ, ਪਰ ਤੁਹਾਨੂੰ ਅਪਣੇ ਬੱਚਿਆਂ ਨੂੰ ਇਸ ਲਈ ਮਜਬੂਰ ਨਹੀਂ ਕਰਨਾ ਚਾਹੀਦਾ।’’ ਉਨ੍ਹਾਂ ਕਿਹਾ, ‘‘ਜ਼ਿੰਦਗੀ ਸਬਰ ਦਾ ਇਮਤਿਹਾਨ ਹੈ, ਗਿਆਨ ਦੀ ਨਹੀਂ। ਬੱਚਿਆਂ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ।’’
ਰਾਕੇਸ਼ ਸਿੰਘ ਨੇ ਇਕ ਗੱਲਬਾਤ ’ਚ ਕਿਹਾ ਕਿ ਉਨ੍ਹਾਂ ਨੇ ਇਹ ਸੰਦੇਸ਼ ਉਨ੍ਹਾਂ ਮਾਪਿਆਂ ਲਈ ਪੋਸਟ ਕੀਤਾ ਹੈ ਜੋ ਅਪਣੇ ਬੱਚਿਆਂ ਦੇ ਇਮਤਿਹਾਨ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹਨ। ਉਨ੍ਹਾਂ ਕਿਹਾ, ‘‘ਮੈਂ ‘ਜਬ ਜਾਗੋ ਤਭੀ ਸਵੇਰਾ’ ’ਚ ਵਿਸ਼ਵਾਸ ਕਰਦਾ ਹਾਂ। ਹਾਲਾਂਕਿ ਸਫਲਤਾ ਦਾ ਰਾਜ਼ ਨਿਸ਼ਚਤ ਤੌਰ ’ਤੇ ਸਖਤ ਮਿਹਨਤ ਹੈ, ਪਰ ਕੋਈ ਵੀ ਜ਼ਿੰਦਗੀ ਦੇ ਕਿਸੇ ਵੀ ਪੜਾਅ ’ਤੇ ਅਜਿਹਾ ਕਰ ਸਕਦਾ ਹੈ।’’