
ਕੇਜਰੀਵਾਲ ਦੇ ਪੁਰਾਣੇ ਸਾਥੀ ਯੋਗੇਂਦਰ ਯਾਦਵ ਵਲੋਂ ਕਾਇਮ ਕੀਤੀ ਗਈ ਨਵੀਂ ਸਿਆਸੀ ਪਾਰਟੀ ਸਵਰਾਜ ਇੰਡੀਆ ...
ਨਵੀਂ ਦਿੱਲੀ, ਕੇਜਰੀਵਾਲ ਦੇ ਪੁਰਾਣੇ ਸਾਥੀ ਯੋਗੇਂਦਰ ਯਾਦਵ ਵਲੋਂ ਕਾਇਮ ਕੀਤੀ ਗਈ ਨਵੀਂ ਸਿਆਸੀ ਪਾਰਟੀ ਸਵਰਾਜ ਇੰਡੀਆ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਉਪ ਰਾਜਪਾਲ ਅਨਿਲ ਬੈਜਲ ਵਿਚਕਾਰ ਪੈਦਾ ਹੋਏ ਟਕਰਾਅ ਨੂੰ ਦਿੱਲੀ ਦੇ ਲੋਕਾਂ ਲਈ ਮੰਦਭਾਗਾ ਦਸਿਆ ਹੈ। ਸਵਰਾਜ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਕਿ ਕੇਜਰੀਵਾਲ ਦੀ ਨੋਟੰਕੀ ਕਾਰਨ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਮੁੱਦੇ ਦਾ ਬੇੜਾ ਗਰਕ ਹੋ ਚੁਕਾ ਹੈ। ਭਾਜਪਾ ਤੇ ਆਮ ਆਦਮੀ ਪਾਰਟੀ ਦੀ ਸਿਆਸੀ ਚੌਧਰ ਦੀ ਲੜਾਈ ਵਿਚ ਦਿੱਲੀ ਦੇ ਆਮ ਲੋਕ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ।
ਬੁਲਾਰੇ ਨੇ ਕਿਹਾ ਕਿ ਇਕ ਪਾਸੇ ਕੇਜਰੀਵਾਲ ਐਲ ਜੀ ਦੀ ਰਿਹਾਇਸ਼ 'ਤੇ ਧਰਨੇ 'ਤੇ ਬੈਠੇ ਹੋਏ ਹਨ ਤੇ ਦੂਜੇ ਪਾਸੇ ਭਾਜਪਾ ਆਗੂਆਂ ਨੇ ਮੁਖ ਮੰਤਰੀ ਦਫ਼ਤਰ 'ਤੇ ਧਰਨਾ ਸ਼ੁਰੂ ਕਰ ਦਿਤਾ ਹੈ, ਦੋਵੇਂ ਪਾਰਟੀਆਂ ਤਮਾਸ਼ਾ ਕਰ ਰਹੀਆਂ ਹਨ। ਲੋਕ ਪਾਣੀ ਦੇ ਜ਼ਬਰਦਸਤ ਸੰਕਟ ਨਾਲ ਜੂਝ ਰਹੇ ਹਨ, ਪਰ ਮੁਖ ਮੰਤਰੀ ਅਪਣੇ ਕੰਮ ਛੱਡ ਕੇ, ਏ ਸੀ ਕਮਰੇ ਵਿਚ ਧਰਨਾ ਲਾਈ ਬੈਠੇ ਹਨ।
ਪਾਣੀ ਦੇ ਸੰਕਟ ਬਾਰੇ ਸਵਰਾਜ ਇੰਡੀਆ ਨੇ 16 ਜੂਨ ਤੋਂ ਦਿੱਲੀ ਵਿਚ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ।ਸਵਰਾਜ ਇੰਡੀਆ ਨੇ ਕਿਹਾ ਹੈ ਕਿ ਦਿੱਲੀ ਛਾਉਣੀ ਤੇ ਨਵੀਂ ਦਿੱਲੀ ਦਾ ਇਲਾਕਾ ਛੱਡ ਕੇ, ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਤਾ ਜਾਣਾ ਚਾਹੀਦਾ ਹੈ, ਇਸ ਮੰਗ ਦੀ ਪਾਰਟੀ ਨੇ ਹਮੇਸ਼ਾਂ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਸੱਚ ਵਿਚ ਦਿੱਲੀ ਦੇ ਹਿਤੈਸ਼ੀ ਹਨ ਤਾਂ ਮੁਖ ਸਕੱਤਰ ਅੰਸ਼ੂ ਪ੍ਰਕਾਸ਼ ਤੋਂ ਮਾਫ਼ੀ ਕਿਉਂ ਨਹੀਂ ਮੰਗ ਲੈਂਦੇ?