ਕੇਰਲ ’ਚ ਭਾਰੀ ਮੀਂਹ ਅਤੇ ਹਵਾਵਾਂ ਕਾਰਨ ਜਨਜੀਵਨ ਪ੍ਰਭਾਵਤ, ਪੰਜ ਜ਼ਿਲ੍ਹਿਆਂ ’ਚ ਰੈੱਡ ਅਲਰਟ ਜਾਰੀ
Published : Jun 14, 2025, 10:34 pm IST
Updated : Jun 14, 2025, 10:34 pm IST
SHARE ARTICLE
Kochi: Visitors at the Rainbow Bridge amid rainfall, in Kochi, Kerala, Saturday, June 14, 2025. (PTI Photo)
Kochi: Visitors at the Rainbow Bridge amid rainfall, in Kochi, Kerala, Saturday, June 14, 2025. (PTI Photo)

ਸੂਬੇ ਭਰ ਤੋਂ ਦਰੱਖਤ ਉਖੜਨ, ਹੜ੍ਹ, ਸੜਕਾਂ ਦੇ ਵਹਿ ਜਾਣ ਅਤੇ ਘਰਾਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਮਿਲੀਆਂ

ਤਿਰੂਵਨੰਤਪੁਰਮ : ਕੇਰਲ ਦੇ ਕਈ ਹਿੱਸਿਆਂ, ਖਾਸ ਕਰ ਕੇ ਉੱਚੀਆਂ ਪਹਾੜੀਆਂ ਅਤੇ ਤੱਟਵਰਤੀ ਇਲਾਕਿਆਂ ’ਚ ਸਨਿਚਰਵਾਰ ਨੂੰ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਗਿਆ।

ਸੂਬੇ ਭਰ ਤੋਂ ਦਰੱਖਤ ਉਖੜਨ, ਹੜ੍ਹ, ਸੜਕਾਂ ਦੇ ਵਹਿ ਜਾਣ ਅਤੇ ਘਰਾਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਮਿਲੀਆਂ ਹਨ। ਸਥਾਨਕ ਲੋਕਾਂ ਨੇ ਦਸਿਆ ਕਿ ਬੀਤੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਉੱਤਰੀ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ’ਚ ਦਰੱਖਤ ਡਿੱਗਣ ਦੀ ਸੂਚਨਾ ਮਿਲੀ ਹੈ। 

ਮੀਂਹ ਅਤੇ ਹਵਾਵਾਂ ਦੇ ਨਾਲ ਉੱਚੀਆਂ ਲਹਿਰਾਂ ਅਤੇ ਸਮੁੰਦਰੀ ਕਟਾਈ ਤੋਂ ਬਾਅਦ ਇੱਥੇ ਵੇਟੁਕਾਡੂ ਦੇ ਤੱਟਵਰਤੀ ਪਿੰਡ ’ਚ ਕਈ ਘਰ ਨੁਕਸਾਨੇ ਗਏ। ਕਈ ਥਾਵਾਂ ’ਤੇ ਸੁਰੱਖਿਆ ਕੰਪਲੈਕਸ ਦੀਆਂ ਕੰਧਾਂ ਗਾਇਬ ਹੋਣ ਕਾਰਨ ਮਛੇਰੇ ਪਰਵਾਰਾਂ ਨੂੰ ਸਮੁੰਦਰੀ ਕਟਾਈ ਨੂੰ ਰੋਕਣ ਲਈ ਰੇਤ ਨਾਲ ਭਰੀਆਂ ਬੋਰੀਆਂ ਰਖਦੇ ਵੇਖਿਆ ਜਾ ਸਕਦਾ ਹੈ। ਪੇਰੂਮਾਥੁਰਾ ਦੇ ਤੱਟਵਰਤੀ ਇਲਾਕੇ ’ਚ ਤੇਜ਼ ਹਵਾਵਾਂ ਕਾਰਨ ਟੀਨ ਦੀ ਛੱਤ ਉੱਡ ਜਾਣ ਕਾਰਨ ਇਕ ਮਕਾਨ ਨੂੰ ਨੁਕਸਾਨ ਪਹੁੰਚਿਆ ਹੈ। 

ਉੱਤਰੀ ਕੋਝੀਕੋਡ ਜ਼ਿਲ੍ਹੇ ’ਚ ਇਕ ਪਰਵਾਰ ਨੂੰ 70 ਸਾਲ ਦੇ ਵਿਅਕਤੀ ਦਾ ਅੰਤਿਮ ਸੰਸਕਾਰ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦੀ ਬੀਤੀ ਰਾਤ ਅਰਾਯਾਦਾਥੁਪਾਲਮ ’ਚ ਪਾਣੀ ਭਰ ਜਾਣ ਕਾਰਨ ਮੌਤ ਹੋ ਗਈ ਸੀ। 

ਟੈਲੀਵਿਜ਼ਨ ਦੇ ਦ੍ਰਿਸ਼ ’ਚ ਵੇਖਿਆ ਜਾ ਸਕਦਾ ਹੈ ਕਿ ਪਰਵਾਰ ਦੇ ਮੈਂਬਰ ਲਾਸ਼ ’ਤੇ ਟੀਨ ਦੀ ਚਾਦਰ ਦਾ ਟੁਕੜਾ ਫੜ ਕੇ ਗੰਦੇ ਪਾਣੀ ’ਚ ਲਿਜਾ ਰਹੇ ਹਨ। ਸਥਾਨਕ ਲੋਕਾਂ ਨੇ ਦਸਿਆ ਕਿ ਜ਼ਿਲ੍ਹੇ ਦੇ ਮਨਕਾਵੂ ’ਚ ਸਵੇਰੇ ਇਕ ਪੁਰਾਣੀ ਇਮਾਰਤ ਢਹਿ ਗਈ ਪਰ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। 

ਮੀਂਹ ’ਚ ਕੋਈ ਕਮੀ ਨਾ ਆਉਣ ਕਾਰਨ ਕੋਝੀਕੋਡ ਜ਼ਿਲ੍ਹਾ ਅਧਿਕਾਰੀਆਂ ਨੇ ਲੋਕਾਂ ਦੇ ਝਰਨੇ ਵਾਲੇ ਇਲਾਕਿਆਂ ਸਮੇਤ ਜਲ ਸਰੋਤਾਂ ’ਚ ਦਾਖਲ ਹੋਣ ’ਤੇ ਪਾਬੰਦੀ ਲਗਾ ਦਿਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਰੇਤ ਦੀ ਖੁਦਾਈ ਅਤੇ ਖੱਡ ਦੇ ਕੰਮਾਂ ਨੂੰ ਵੀ ਰੋਕਣ ਦੇ ਹੁਕਮ ਦਿਤੇ ਗਏ ਹਨ। 

ਗੁਆਂਢੀ ਵਾਇਨਾਡ ’ਚ ਜ਼ਿਲ੍ਹਾ ਕੁਲੈਕਟਰ ਨੇ ਭਾਰੀ ਮੀਂਹ ਦੀ ਚਿਤਾਵਨੀ ਕਾਰਨ ਐਤਵਾਰ ਨੂੰ ਸਾਰੇ ਟਿਊਸ਼ਨ ਸੈਂਟਰਾਂ ਅਤੇ ਮਦਰੱਸਿਆਂ ’ਚ ਛੁੱਟੀ ਦਾ ਐਲਾਨ ਕੀਤਾ ਹੈ। 

ਲਗਾਤਾਰ ਮੀਂਹ ਨੇ ਅਲਾਪੁਝਾ ਜ਼ਿਲ੍ਹੇ ’ਚ ਵੀ ਆਮ ਜਨਜੀਵਨ ਨੂੰ ਪ੍ਰਭਾਵਤ ਕੀਤਾ, ਜਿੱਥੇ ਕਯਾਮਕੁਲਮ ’ਚ ਇਕ ਨਿਰਮਾਣ ਅਧੀਨ ਕੌਮੀ ਰਾਜਮਾਰਗ ਦਾ ਇਕ ਹਿੱਸਾ ਵਹਿ ਗਿਆ। ਸਥਾਨਕ ਵਸਨੀਕਾਂ ਨੇ ਸ਼ਿਕਾਇਤ ਕੀਤੀ ਕਿ ਇਸ ਨਾਲ ਇਲਾਕੇ ’ਚ ਆਵਾਜਾਈ ਪ੍ਰਭਾਵਤ ਹੋਈ। 

ਇਸ ਦੌਰਾਨ ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਸਨਿਚਰਵਾਰ ਨੂੰ ਰਾਜ ਦੇ ਪੰਜ ਜ਼ਿਲ੍ਹਿਆਂ ਕਾਸਰਗੋਡ, ਕੰਨੂਰ, ਵਾਇਨਾਡ, ਕੋਝੀਕੋਡ ਅਤੇ ਮਲਪੁਰਮ ’ਚ ਬਹੁਤ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਅਤੇ ਉੱਥੇ ਰੈੱਡ ਅਲਰਟ ਜਾਰੀ ਕੀਤਾ। 

ਆਈ.ਐਮ.ਡੀ. ਦੇ ਤਾਜ਼ਾ ਅਪਡੇਟ ਅਨੁਸਾਰ ਪਲੱਕੜ, ਏਰਨਾਕੁਲਮ, ਤ੍ਰਿਸੂਰ, ਇਡੁੱਕੀ, ਕੋਟਾਯਮ ਅਤੇ ਪਠਾਨਮਿੱਟਾ ਜ਼ਿਲ੍ਹਿਆਂ ਨੂੰ ਓਰੇਂਜ ਅਲਰਟ ’ਤੇ ਰੱਖਿਆ ਗਿਆ ਹੈ ਜਦਕਿ ਤਿਰੂਵਨੰਤਪੁਰਮ, ਕੋਲਮ ਅਤੇ ਅਲਾਪੁਝਾ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 

ਰੈੱਡ ਅਲਰਟ ਦਾ ਮਤਲਬ ਹੈ 24 ਘੰਟਿਆਂ ’ਚ 20 ਸੈਂਟੀਮੀਟਰ ਤੋਂ ਵੱਧ ਭਾਰੀ ਤੋਂ ਬਹੁਤ ਭਾਰੀ ਬਾਰਸ਼, ਜਦਕਿ ਓਰੇਂਜ ਅਲਰਟ ਦਾ ਮਤਲਬ ਹੈ 11 ਸੈਂਟੀਮੀਟਰ ਤੋਂ 20 ਸੈਂਟੀਮੀਟਰ ਦੀ ਬਹੁਤ ਭਾਰੀ ਬਾਰਸ਼ ਅਤੇ ਯੈਲੋ ਅਲਰਟ ’ਚ 6 ਸੈਂਟੀਮੀਟਰ ਤੋਂ 11 ਸੈਂਟੀਮੀਟਰ ਦੇ ਵਿਚਕਾਰ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। 

Tags: kerala

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement