
ਮੁੱਖ ਮੰਤਰੀ ਦੇ ਘਰ ਹੋਈ ਬੈਠਕ ਵਿਚ 106 ਵਿਧਾਇਕ ਪੁੱਜੇ
ਜੈਪੁਰ, 13 ਜੁਲਾਈ : ਕਾਂਗਰਸ ਵਿਧਾਇਕ ਦਲ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਹੱਕ ਵਿਚ ਮਤਾ ਪਾਸ ਕੀਤਾ ਅਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ। ਮੁੱਖ ਮੰਤਰੀ ਗਹਿਲੋਤ ਦੇ ਸਰਕਾਰੀ ਘਰ ਵਿਚ ਹੋਈ ਵਿਧਾਇਕ ਦਲ ਦੀ ਬੈਠਕ ਵਿਚ ਇਹ ਮਤਾ ਪਾਸ ਕੀਤਾ ਗਿਆ। ਬੈਠਕ ਵਿਚ ਕਾਂਗਰਸ ਅਤੇ ਉਸ ਦੇ ਸਮਰਥਕ ਆਜ਼ਾਦ ਤੇ ਹੋਰ ਵਿਧਾਇਕ ਮੌਜੂਦ ਸਨ।
ਸੂਤਰਾਂ ਨੇ ਦਸਿਆ ਕਿ ਕੁਲ 106 ਵਿਧਾਇਕ ਇਸ ਬੈਠਕ ਵਿਚ ਸ਼ਾਮਲ ਹੋਏ। ਉਪ ਮੁੱਖ ਮੰਤਰੀ ਤੇ ਪਾਰਟੀ ਦੇ ਸੂਬਾ ਪ੍ਰਧਾਨ ਸਚਿਨ ਪਾਇਲਟ ਦੁਆਰਾ ਬਾਗ਼ੀ ਤੇਵਰ ਵਿਖਾਏ ਜਾਣ ਕਾਰਨ ਇਹ ਅਹਿਮ ਬੈਠਕ ਸੀ ਜਿਸ ਵਿਚ ਵਿਧਾਇਕਾਂ ਨੇ ਸਰਕਾਰ ਵਿਰੋਧੀ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਵਿਰੁਧ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਚਾਹੇ ਉਹ ਅਹੁਦੇਦਾਰ ਹਨ ਜਾਂ ਵਿਧਾਇਕ ਦਲ ਦੇ ਮੈਂਬਰ। ਪਾਇਲਟ ਅਤੇ ਉਸ ਦੇ ਕਰੀਬੀ ਮੰਨੀ ਜਾਣ ਵਾਲੇ ਵਿਧਾਇਕ ਇਸ ਬੈਠਕ ਵਿਚ ਸ਼ਾਮਲ ਨਹੀਂ ਹੋਏ।
File Photo
ਮਤੇ ਵਿਚ ਕਿਹਾ ਗਿਆ ਹੈ, ‘ਕਾਂਗਰਸ ਵਿਧਾਇਕ ਦਲ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਪਾਰਟੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕਰਦਾ ਹੈ। ਇਹ ਬੈਠਕ ਮੁੱਖ ਮੰਤਰੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਸਰਬਸੰਮਤੀ ਨਾਲ ਸਮਰਥਨ ਪ੍ਰਗਟ ਕਰਦੀ ਹੈ।’ ਇਸ ਨਾਲ ਹੀ ਮਤੇ ਵਿਚ ਕਾਂਗਰਸ ਪਾਰਟੀ ਤੇ ਰਾਜ ਵਿਚ ਕਾਂਗਰਸ ਸਰਕਾਰ ਨੂੰ ਕਮਜ਼ੋਰ ਕਰਨ ਵਾਲੇ ਸਾਰੇ ਗ਼ੈਰਜਮਹੂਰੀ ਤੱਤਾਂ ਦੀ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਜੇ ਕੋਈ ਪਾਰਟੀ ਅਹੁਦੇਦਾਰ ਜਾਂ ਵਿਧਾਇਕ ਇਸ ਤਰ੍ਰਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਮਿਲਦਾ ਹੈ
ਤਾਂ ਉਸ ਵਿਰੁਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਬੈਠਕ ਮਗਰੋਂ ਵਿਧਾਇਕਾਂ ਨੂੰ ਬਸਾਂ ਵਿਚ ਦਿੱਲੀ ਰੋਡ ’ਤੇ ਪੈਂਦੇ ਨਿਜੀ ਹੋਟਲ ਵਿਚ ਲਿਜਾਇਆ ਗਿਆ। ਪਾਰਟੀ ਸੂਤਰਾਂ ਮੁਤਾਬਕ ਮੌਜੂਦਾ ਸੰਕਟ ਨਾਲ ਸਿੱਝਣ ਲਈ ਸ਼ਾਇਦ ਇਹ ਵਿਧਾਇਕ ਹੋਟਲ ਵਿਚ ਹੀ ਰੁਕਣਗੇ। (ਏਜੰਸੀ)
ਹੋਟਲ ਪੁੱਜੇ ਕਾਂਗਰਸੀ ਵਿਧਾਇਕ
ਕਾਂਗਰਸ ਵਿਧਾਇਕ ਦਲ ਦੀ ਬੈਠਕ ਮਗਰੋਂ ਕਾਂਗਰਸੀ ਵਿਧਾਇਕਾਂ ਨੂੰ ਸਥਾਨਕ ਹੋਟਲ ਵਿਚ ਲਿਜਾਇਆ ਗਿਆ। ਜੇ ਕਾਂਗਰਸ ਆਗੂਆਂ ਦਾ 100 ਤੋਂ ਵੱਧ ਵਿਧਾਇਕਾਂ ਦੇ ਵਿਧਾਇਕ ਦਲ ਦੀ ਬੈਠਕ ਵਿਚ ਮੌਜੂਦ ਹੋਣ ਦਾ ਦਾਅਵਾ ਸਹੀ ਹੈ ਤਾਂ ਫ਼ਿਲਹਾਲ ਅਸ਼ੋਕ ਗਹਿਲੋਤ ਸਰਕਾਰ ਨੂੰ ਖ਼ਤਰਾ ਨਜ਼ਰ ਨਹੀਂ ਆ ਰਿਹਾ। ਕਾਂਗਰਸ ਦੇ ਵਿਧਾਇਕਾਂ ਨੂੰ ਬਸਾਂ ਵਿਚ ਫ਼ੇਅਰਮੌਂਟ ਹੋਟਲ ਵਿਚ ਲਿਜਾਇਆ ਗਿਆ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਸੰਕਟ ਹਾਲੇ ਖ਼ਤਮ ਨਹੀਂ ਹੋਇਆ।