
ਚਾਰ ਮਈ ਨੂੰ ਸੂਬੇ ਅੰਦਰ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਬੰਦ ਪਿਆ ਸੀ ਬੈਂਕ
ਇੰਫ਼ਾਲ: ਮਣੀਪੁਰ ਦੇ ਚੁਰਾਚਾਂਦਪੁਰ ’ਚ ਕੁਝ ਦਿਨ ਪਹਿਲਾਂ ਐਕਸਿਸ ਬੈਂਕ ਤੋਂ 2.25 ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਅਤੇ ਨਕਦੀ ਗ਼ਾਇਬ ਹੋਣ ਦੀ ਘਟਨਾ ਤੋਂ ਬਾਅਦ ਅਪਰਾਧੀਆਂ ਨੇ ਕਾਂਗਪੋਕਪੀ ਜ਼ਿਲ੍ਹੇ ਦੇ ਇਕ ਹੋਰ ਬੈਂਕ ਨੂੰ ਨਿਸ਼ਾਨਾ ਬਣਾਇਆ ਅਤੇ ਲਗਭਗ ਇਕ ਕਰੋੜ ਰੁਪਏ ਦੇ ਕੰਪਿਊਟਰ ਅਤੇ ਇਲੈਕਟ੍ਰਾਨਿਕਸ ਸਮਾਨ ਲੁੱਟ ਲਿਆ।
ਮਣੀਪੁਰ ਦੇ ਸੂਬਾ ਸਹਿਕਾਰੀ ਬੈਂਕ ਦੀ ਕਾਂਗਪੋਕਪੀ ਬ੍ਰਾਂਚ ਚਾਰ ਮਈ ਤੋਂ ਬੰਦ ਸੀ। ਪੁਲਿਸ ਨੇ ਕਿਹਾ, ‘‘ਜਦੋਂ ਅਧਿਕਾਰੀ ਤਿੰਨ ਦਿਨ ਪਹਿਲਾਂ ਬੈਂਕ ਖੋਲ੍ਹਣ ਗਏ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਪਤਾ ਲੱਗਾ। ਅਧਿਕਾਰੀ ਨੇ ਕਿਹਾ ਨਕਦੀ ਤਿਜੋਰੀ ਟੁੱਟੀ ਮਿਲੀ, ਮੁੱਖ ਦਫ਼ਤਰ ਦੀਆਂ ਹਦਾਇਤਾਂ ਅਨੁਸਾਰ ਬੈਂਕ ਅਧਿਕਾਰੀਆਂ ਨੇ ਮਈ ਵਿਚਕਾਰ ਸਾਰੀ ਨਕਦੀ ਅਤੇ ਬੈਂਕ ’ਚ ਲੱਗੇ ਏ.ਟੀ.ਐਮ. ਉਥੋਂ ਹਟਾ ਦਿਤੇ ਸਨ।’’
ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ ਛੇ ਕੰਪਿਊਟਰ, ਇਕ ਪ੍ਰਿੰਟਰ ਅਤੇ ਹੋਰ ਇਲੈਕਟ੍ਰਾਨਿਕਸ ਸਮਾਨ ਗ਼ਾਇਬ ਹਨ। ਕਾਂਗਪੋਕਪੀ ਪੁਲਿਸ ਥਾਣੇ ’ਚ ਘਟਨਾ ਬਾਬਤ ਐਫ਼.ਆਈ.ਆਰ. ਦਰਜ ਕਰਵਾਈ ਗਈ ਹੈ। ਦਸ ਜੁਲਾਈ ਨੂੰ ਐਕਸਿਸ ਬੈਂਕ ਦੀ ਚੁਰਾਚਾਂਦਪੁਰ ਬ੍ਰਾਂਚ ’ਚੋਂ 2.25 ਕਰੋੜ ਰੁਪੲੈ ਦੇ ਗਹਿਣੇ ਅਤੇ ਨਕਦੀ ਗਾਇਬ ਮਿਲੀ ਸੀ। ਅਧਿਕਾਰੀਆਂ ਨੇ ਕਿਹਾ ਕਿ ਸੂਬੇ ’ਚ ਤਿੰਨ ਮਈ ਨੂੰ ਹਿੰਸਾ ਫੈਲਣ ਤੋਂ ਬਾਅਦ ਤੋਂ ਬੈਂਕ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਬੰਦ ਸੀ ਅਤੇ ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਚੋਰੀ ਦਾ ਪਤਾ ਲੱਗਾ।
ਪੁਲਿਸ ਨੇ ਦਸਿਆ ਕਿ ਚੋਰਾਂ ਨੇ ਬੈਂਕ ਦੇ ਪਿਛਲੇ ਹਿੱਸੇ ’ਚ ਸੰਨ੍ਹ ਲਾਈ ਅਤੇ ਉਥੋਂ ਉਹ ਬੈਂਕ ਦੇ ਅੰਦਰ ਵੜੇ। ਇਕ ਅਧਿਕਾਰੀ ਨੇ ਕਿਹਾ, ‘‘1.25 ਕਰੋੜ ਦੀ ਨਕਦੀ, ਘੱਟ ਤੋਂ ਘੱਟ ਇਕ ਕਰੋੜ ਰੁਪਏ ਮੁੱਲ ਦੇ ਗਹਿਣੇ ਅਤੇ ਇਕ ਕੰਪਿਊਟਰ ਗ਼ਾਇਬ ਮਿਲਿਆ।’’
ਮਣੀਪੁਰ ’ਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੇਈਤੀ ਲੋਕਾਂ ਦੀ ਮੰਗ ਵਿਰੁਧ ਤਿੰਨ ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਤੋਂ ਬਾਅਦ ਝੜਪਾਂ ਸ਼ੁਰੂ ਹੋਈਆਂ ਸਨ ਉਦੋਂ ਤੋਂ ਹੁਣ ਤਕ ਘੱਟ ਤੋਂ ਘੱਟ 150 ਲੋਕਾਂ ਦੀ ਜਾਨ ਜਾ ਚੁਕੀ ਹੈ।