
25 ਵਿਧਾਇਕ ਪਾਰਟੀ ਛੱਡਣ ਲਈ ਤਿਆਰ : ਭਾਜਪਾ ਵਿਧਾਇਕ ਬਸਨਗੌੜਾ ਪਾਟਿਲ
ਵਿਜੈਪੁਰਾ (ਕਰਨਾਟਕ): ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਕਰਨਾਟਕ ਦੀ ਕਾਂਗਰਸ ਸਰਕਾਰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਡਿੱਗ ਜਾਵੇਗੀ, ਕਿਉਂਕਿ ਲਗਭਗ 25 ਵਿਧਾਇਕ ਸੱਤਾਧਾਰੀ ਪਾਰਟੀ ਨੂੰ ਛੱਡਣ ਲਈ ਤਿਆਰ ਹਨ। ਬੀਜਾਪੁਰ (ਵਿਜੈਪੁਰਾ) ਸ਼ਹਿਰ ਤੋਂ ਵਿਧਾਇਕ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਭਾਜਪਾ ਇਕ ਵਾਰੀ ਫਿਰ ਸੱਤਾ ’ਚ ਆਵੇਗੀ।
ਸਾਬਕਾ ਕੇਂਦਰੀ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ, ‘‘ਕਾਂਗਰਸ ਕਹਿੰਦੀ ਹੈ ਕਿ ਉਸ ਨੇ 135 ਸੀਟਾਂ ਜਿੱਤੀਆਂ ਹਨ ਪਰ ਉਹ ਸੌਂ ਨਹੀਂ ਪਾ ਰਹੀ ਹੈ। ਜੇਕਰ 30 ਵਿਧਾਇਕ ਪਾਰਟੀ ਛੱਡ ਦੇਣ ਤਾਂ ਸਰਕਾਰ ਡਿੱਗ ਜਾਵੇਗੀ। 25 ਵਿਧਾਇਕ ਪਾਰਟੀ ਛੱਡਣ ਨੂੰ ਤਿਆਰ ਹਨ। ਕੁਝ ਮੰਤਰੀ ਇਸ ਤਰ੍ਹਾਂ ਵਿਹਾਰ ਕਰ ਰਹੇ ਹਨ ਜਿਵੇਂ ਉਨ੍ਹਾਂ ਕੋਲ ਸਾਰੀਆਂ ਤਾਕਤਾਂ ਆ ਗਈਆਂ ਹਨ ਅਤੇ ਅਧਿਕਾਰੀਆਂ ਨੂੰ ਹਟਾ ਰਹੇ ਹਨ ਜਾਂ ਬਦਲੀਆਂ ਕਰ ਰਹੇ ਹਨ।’’
ਵਿਜੇਪੁਰਾ ’ਚ ਮੁਸਲਿਮ ਅਫਸਰਾਂ ਦੀ ਤਾਇਨਾਤੀ ਦਾ ਦੋਸ਼ ਲਗਾਉਂਦੇ ਹੋਏ ਉਨਾਂ ਪੁਛਿਆ, ‘‘ਤੁਸੀਂ ਮੁਸਲਮਾਨਾਂ ਨੂੰ ਲਿਆ ਕੇ ਕੀ ਕਰ ਸਕਦੇ ਹੋ? ਮੈਂ ਵਿਧਾਇਕ ਹਾਂ ਅਤੇ ਉਨ੍ਹਾਂ ਨੂੰ ਮੇਰੀ ਗੱਲ ਮੰਨਣੀ ਚਾਹੀਦੀ ਹੈ... ਜੇ ਕੋਈ ਅਧਿਕਾਰੀ ਹਿੰਦੂਆਂ ’ਤੇ ਜ਼ੁਲਮ ਕਰਨ ਦਾ ਢੌਂਗ ਕਰਦਾ ਹੈ... ਅਸੀਂ ਜਨਵਰੀ ’ਚ ਵਾਪਸ ਆਵਾਂਗੇ। ਤੁਸੀਂ (ਕਾਂਗਰਸ) ਲੋਕ ਸਭਾ (ਚੋਣਾਂ) ਤੋਂ ਪਹਿਲਾਂ (ਸਰਕਾਰ ਤੋਂ) ਬਾਹਰ ਹੋ ਜਾਵੋਗੇ।’’