
ਵਾਰ-ਵਾਰ ਸ਼ਹਿਜ਼ਾਦੇ ਨੂੰ ਲਾਂਚ ਕਰਨ ’ਚ ਅਸਫ਼ਲ ਕਾਂਗਰਸ ਪਾਰਟੀ ਹੁਣ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ ਹਨ : ਸੰਬਿਤ ਪਾਤਰਾ
ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਅਪਣੇ ਇਕ ਬਿਆਨ ’ਤੇ ਭਾਰਤੀ ਜਨਤਾ ਪਾਰਟੀ ਦੇ ਹਮਲੇ ਤੋਂ ਬਾਅਦ ਸੋਮਵਾਰ ਨੂੰ ਹਰਿਆਣਾ ਦੀ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ ਦੀ ਗਠਜੋੜ ਸਰਕਾਰ ’ਤੇ ਮੁੜ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਨੌਜੁਆਨਾਂ ਦੇ ਭਵਿੱਖ ’ਤੇ ‘ਬੁਲਡੋਜ਼ਰ ਚਲਾਉਣ ਵਾਲੇ’ ਲੋਕ ‘ਅਸੁਰ’ ਨਹੀਂ ਤਾਂ ਕੀ ਦੇਵਤਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ ਤਿਲ ਦਾ ਤਾੜ ਬਣਾਇਆ ਗਿਆ ਹੈ ਅਤੇ ਉਹ ‘ਗਿੱਦੜ ਧਮਕੀਆਂ’ ਤੋਂ ਡਰਨ ਵਾਲੇ ਨਹੀਂ ਹਨ ਅਤੇ ਜਨਤਾ ਦੇ ਮੁੱਦੇ ਚੁੱਕਦੇ ਰਹਿਣਗੇ।
ਸੁਰਜੇਵਾਲਾ ਨੇ ਐਤਵਾਰ ਨੂੰ ਹਰਿਆਣਾ ਦੇ ਕੈਥਲ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਨੌਜਵਾਨਾਂ ਨੂੰ ਸਰਕਾਰੀ ਭਰਤੀ ’ਚ ਕਥਿਤ ਤੌਰ ’ਤੇ ਮੌਕੇ ਨਾ ਮਿਲਣ ਦਾ ਜ਼ਿਕਰ ਕੀਤਾ ਅਤੇ ਕਿਹਾ ਸੀ, ‘‘ਮਨੋਹਰ ਲਾਲ ਖੱਟਰ ਅਤੇ ਦੁਸ਼ਯੰਤ ਚੌਟਾਲਾ ਮੰਡੀ ’ਚ ਬੋਲੀ ਲਾ ਕੇ ਨੌਜਵਾਨਾਂ ਦਾ ਭਵਿੱਖ ਵੇਚ ਰਹੇ ਹਨ। ਨੌਕਰੀ ਨਾ ਦਵੋ, ਘੱਟੋ-ਘੱਟ ਮੌਕਾ ਤਾਂ ਦਵੋ। ਭਾਜਪਾ, ਜੇ.ਜੇ.ਪੀ. ਦੇ ਰਾਖਸ਼, ਤੁਸੀਂ ਲੋਕ ਰਾਖਸ਼ ਹੋ। ਜੋ ਲੋਕ ਭਾਜਪਾ ਅਤੇ ਜੇ.ਜੇ.ਪੀ. ਨੂੰ ਵੋਟ ਕਰਦੇ ਹਨ ਅਤੇ ਭਾਜਪਾ ਹਮਾਇਤੀ ਹਨ, ਉਹ ਰਾਖਸ਼ ਬਿਰਤੀ ਦੇ ਹਨ। ਮੈਂ ਅੱਜ ਉਨ੍ਹਾਂ ਨੂੰ ਮਹਾਭਾਰਤ ਦੀ ਧਰਤੀ ਤੋਂ ਸਰਾਪ ਦਿੰਦਾ ਹਾਂ।’’
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਉਨ੍ਹਾਂ ’ਤੇ ਨਿਸ਼ਾਨਾ ਲਾਇਆ ਅਤੇ ‘ਐਕਸ’ (ਪਹਿਲਾਂ ਟਵਿੱਟਰ) ’ਤੇ ਕਿਹਾ, ‘‘ਰਾਹੁਲ ਗਾਂਧੀ ਦਾ ਖਾਸ ਸੂਰਜੇਵਾਲਾ ਭਾਜਪਾ ਨੂੰ ਵੋਟ ਪਾਉਣ ਵਾਲਿਆਂ ਨੂੰ ‘ਰਾਖਸ਼’ ਕਹਿ ਰਹੇ ਹਨ। ਸਰਾਪ ਵੀ ਦੇ ਰਹੇ ਹਨ। ਕਾਂਗਰਸ, ਇਸ ਦੀ ਹਾਈਕਮਾਂਡ ਅਤੇ ਦਰਬਾਰੀਆਂ ਦੀ ਇਸੇ ਮਾਨਸਿਕ ਸਥਿਤੀ ਕਾਰਨ ਪਾਰਟੀ ਅਤੇ ਇਸ ਦੇ ਆਗੂ ਅਪਣਾ ਜਨ ਆਧਾਰ ਗੁਆ ਚੁੱਕੇ ਹਨ। ਪਰ ਅਜੇ ਤਾਂ ਇਨ੍ਹਾਂ ਨੂੰ ਜਨਤਾ ਦੀ ਕਚਹਿਰੀ ’ਚ ਹੋਰ ਜ਼ਲੀਲ ਹੋਣਾ ਹੈ।’’
ਜਦਕਿ ਸੁਰਜੇਵਾਲਾ ਦੀ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਚੋਣਾਂ ’ਚ ਵਾਰ-ਵਾਰ ਹਾਰ ਨੇ ਕਾਂਗਰਸ ਨੂੰ ‘ਤਰਕਹੀਣ’ ਬਣਾ ਦਿਤਾ ਹੈ, ਅਤੇ ਇਸ ਤਰ੍ਹਾਂ ਦੀਆਂ ਬੇਤੁਕੀਆਂ ਟਿਪਣੀਆਂ ਸੰਕੇਤ ਦਿੰਦਆਂ ਹਨ ਕਿ ਪਾਰਟੀ ਨੇ ਸਥਾਈ ਰੂਪ ’ਚ ਵਿਰੋਧੀ ਧਿਰ ’ਚ ਰਹਿਣ ਦਾ ਫੈਸਲਾ ਕਰ ਲਿਆ ਹੈ। ਭਾਜਪਾ ਦੇ ਸੰਬਿਤ ਪਾਤਰਾ ਨੇ ਕਿਹਾ, ‘ਵਾਰ-ਵਾਰ ਸ਼ਹਿਜ਼ਾਦੇ ਨੂੰ ਲਾਂਚ ਕਰਨ ’ਚ ਅਸਫ਼ਲ ਕਾਂਗਰਸ ਪਾਰਟੀ ਹੁਣ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ ਹਨ।’’ ਉਨ੍ਹਾਂ ਸੋਸ਼ਲ ਮੀਡੀਆ ਸਾਈਟ ‘ਐਕਸ’ ’ਤੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਵਿਰੋਧ ’ਚ ਅੰਨ੍ਹੇਪਨ ਦੇ ਸ਼ਿਕਾਰ ਹੋ ਚੁੱਕੇ ਕਾਂਗਰਸ ਪਾਰਟੀ ਦੇ ਆਗੂ ਰਣਦੀਪ ਸੁਰਜੇਵਾਲਾ ਕਹਿ ਰਹੇ ਹਨ ਕਿ ਭਾਜਪਾ ਨੂੰ ਵੋਟ ਅਤੇ ਸਪੋਰਟ ਕਰਨ ਵਾਲੀ ਦੇਸ਼ ਦੀ ਜਨਤਾ ‘ਰਾਖਸ਼’ ਹੈ।
ਜਦਕਿ ਬਿਆਨ ਨੂੰ ਲੈ ਕੇ ਹੋਏ ਵਿਵਾਦ ਅਤੇ ਭਾਜਪਾ ਦੇ ਹਮਲੇ ਤੋਂ ਬਾਅਦ ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ ਤਿਲ ਦਾ ਤਾੜ ਬਣਾ ਦਿਤਾ ਗਿਆ ਹੈ।
ਸੁਰਜੇਵਾਲਾ ਨੇ ਐਕਸ ’ਤੇ ਪੋਸਟ ਕੀਤਾ, ‘‘ਜੋ ਪਿਆਰ ਨਾਲ ਭਰਿਆ ਨਹੀਂ ਹੈ, ਜਿਸ ਨੂੰ ਲੋਕਾਂ ਨਾਲ ਪਿਆਰ ਨਹੀਂ ਉਹ ਸ਼ਾਸਕ ਨਹੀਂ ਅਸੁਰ ਹੈ। ਇਕ ਅਜਿਹਾ ਵਿਅਕਤੀ ਜੋ ਕਿਸਾਨ-ਮਜ਼ਦੂਰ-ਕਮਜ਼ੋਰ-ਨੌਜੁਆਨਾਂ ਨੂੰ ਪਿਆਰ ਨਹੀਂ ਕਰਦਾ!!’’
ਉਨ੍ਹਾਂ ਦਾਅਵਾ ਕੀਤਾ, ‘‘ਜਿਸ ਤਰ੍ਹਾਂ ਕੌਰਵਾਂ ਨੇ ਪਾਂਡਵਾਂ ਨੂੰ ਧੋਖਾ ਦੇ ਕੇ ਉਨ੍ਹਾਂ ਦੇ ਹੱਕ ਖੋਹ ਲਏ, ਉਸੇ ਤਰ੍ਹਾਂ ਹਰਿਆਣਾ ਦੀ ਭਾਜਪਾ-ਜੇ.ਜੇ.ਪੀ. ਸਰਕਾਰ ਨੇ 3,59,00 ਸੀ.ਈ.ਟੀ. (ਸਾਂਝਾ ਪਾਤਰਤਾ ਇਮਤਿਹਾਨ) ਪਾਸ ਕਰ ਕੇ ਨੌਜੁਆਨਾਂ ਨੂੰ ਚਾਰ ਸਾਲਾਂ ਲਈ ਧੱਕੇ ਖੁਆ ਕੇ ਹੁਣ ਇਕ ਪਾਸੇ ਤਾਂ ਇਮਤਿਹਾਨ ’ਚ ਬੈਠਣ ਤੋਂ ‘ਅਯੋਗ’ ਕਰ ਰਹੀ ਹੈ ਅਤੇ ਦੂਜੇ ਪਾਸੇ 6 ਅਗੱਸਤ ਦੇ ਪੇਪਰ ’ਚੋਂ 100 ’ਚੋਂ 41 ਸਵਾਲ 7 ਅਗੱਸਤ ਨੂੰ ਦੁਹਰਾ ਕੇ ਉਨ੍ਹਾਂ ਨੂੰ ਸਹੀ ਦੱਸ ਕੇ ਉਨ੍ਹਾਂ ਦੇ ਭਵਿੱਖ ’ਤੇ ਬੁਲਡੋਜ਼ਰ ਚਲਾ ਰਹੀ ਹੈ।’’ ਕਾਂਗਰਸ ਜਨਰਲ ਸਕੱਤਰ ਨੇ ਸਵਾਲ ਕੀਤਾ, ‘‘ਇੰਨਾ ਹੀ ਨਹੀਂ 43 ਪੇਪਰ ਲੀਕ ਹੋਏ, ਭਰਤੀ ’ਚ ਹੇਰਾਫੇਰੀ ਹੋਈ, ਲੋਕ ਸੇਵਾ ਕਮਿਸ਼ਨ ’ਚ ਅਟੈਚੀ ਘਪਲਾ ਹੋਇਆ, ਕਰੋੜਾਂ ਰੁਪਏ ਫੜੇ ਗਏ, ਸਾਡੀ ਜਵਾਨੀ ਦੇ ਭਵਿੱਖ ’ਤੇ ਅਜਿਹਾ ਗ੍ਰਹਿਣ ਲਾਉਣ ਵਾਲੇ ਕੀ ਹਨ - ਅਸੁਰ ਜਾਂ ਦੇਵਤੇ।’’
ਉਨ੍ਹਾਂ ਅੱਗੇ ਕਿਹਾ, ‘‘ਭਾਜਪਾ-ਜੇ.ਜੇ.ਪੀ. ਸਰਕਾਰ ਜੀਂਦ ’ਚ ਗੁਰੂ ਰਵਿਦਾਸ, ਮਹਾਂਰਿਸ਼ੀ ਵਾਲਮੀਕਿ, ਸੰਤ ਕਬੀਰ ਦੀਆਂ ਮੂਰਤੀਆਂ ਲਗਾਉਣ ਦੀ ਇਜਾਜ਼ਤ ਵੀ ਨਹੀਂ ਦੇ ਰਹੀ ਹੈ। ਕੀ ਦਲਿਤ ਸਮਾਜ ਨਾਲ ਇਹ ਵਿਵਹਾਰ ਦੇਵਤਾ ਰੂਪੀ ਹੈ ਜਾਂ ਅਸੂਰੀ?’’