
ਅਤਿਵਾਦੀ ਮੁਕਾਬਲੇ ਅਜੇ ਵੀ ਜਾਰੀ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੰਸ਼ਵਾਦ ਦੀ ਸਿਆਸਤ ਦਾ ਮੁੱਦਾ ਚੁੱਕਣ ਦੀ ਬਜਾਏ ਜੰਮੂ-ਕਸ਼ਮੀਰ ’ਚ ਵਿਗੜਦੀ ਸੁਰੱਖਿਆ ਸਥਿਤੀ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੂੰ ਇਨ੍ਹਾਂ ਪਾਰਟੀਆਂ ਨਾਲ ਗਠਜੋੜ ਕਰਨ ’ਚ ਕੋਈ ਝਿਜਕ ਨਹੀਂ ਹੈ। ਉਨ੍ਹਾਂ ਨੇ ਕਿਸ਼ਤਵਾੜ ’ਚ ਮੁਕਾਬਲੇ ਦੌਰਾਨ ਦੋ ਜਵਾਨਾਂ ਦੇ ਮਾਰੇ ਜਾਣ ’ਤੇ ਪ੍ਰਧਾਨ ਮੰਤਰੀ ਦੀ ‘ਚੁੱਪੀ’ ’ਤੇ ਵੀ ਸਵਾਲ ਚੁੱਕੇ।
ਉਮਰ ਅਬਦੁੱਲਾ ਨੇ ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਪੱਤਰਕਾਰਾਂ ਨੂੰ ਕਿਹਾ, ‘‘ਪ੍ਰਧਾਨ ਮੰਤਰੀ ਨੇ ਡੋਡਾ ’ਚ ਭਾਸ਼ਣ ਦਿਤਾ। ਕਿਸ਼ਤਵਾੜ ਹਮਲੇ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਉੱਤਰੀ ਕਸ਼ਮੀਰ ’ਚ ਇਕ ਮੁਕਾਬਲੇ ਦੌਰਾਨ ਫੌਜ ਦੇ ਦੋ ਬਹਾਦਰ ਜਵਾਨ ਸ਼ਹੀਦ ਹੋ ਗਏ ਸਨ। ਉਹ ਲੋਕਾਂ ਨੂੰ ਗੁਮਰਾਹ ਕਰਨ ਲਈ ਵੰਸ਼ਵਾਦ ਦੀ ਗੱਲ ਕਰਦੇ ਹਨ। ਉਨ੍ਹਾਂ ਨੂੰ ਮੌਜੂਦਾ ਸਥਿਤੀ ਬਾਰੇ ਗੱਲ ਕਰਨੀ ਚਾਹੀਦੀ ਸੀ।’’
ਉਨ੍ਹਾਂ ਕਿਹਾ ਕਿ ਜਦੋਂ 5 ਅਗੱਸਤ , 2019 ਨੂੰ ਧਾਰਾ 370 ਨੂੰ ਖਤਮ ਕੀਤਾ ਗਿਆ ਸੀ ਤਾਂ ਦੇਸ਼ ਦੇ ਲੋਕਾਂ ਨੂੰ ਦਸਿਆ ਗਿਆ ਸੀ ਕਿ ਕਸ਼ਮੀਰ ’ਚ ਹਿੰਸਾ ਵਿਸ਼ੇਸ਼ ਦਰਜੇ ਕਾਰਨ ਹੋਈ ਹੈ ਅਤੇ ਇਸ ਨੂੰ ਰੱਦ ਕਰਨ ਤੋਂ ਬਾਅਦ ਬੰਦੂਕਾਂ (ਅਤਿਵਾਦ) ਦਾ ਪ੍ਰਭਾਵ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ, ‘‘ਪੰਜ ਸਾਲ ਹੋ ਗਏ ਹਨ ਪਰ ਅਤਿਵਾਦੀ ਮੁਕਾਬਲੇ ਅਜੇ ਵੀ ਜਾਰੀ ਹਨ।’’