ਮਮਤਾ ਬੈਨਰਜੀ ਦੀ ਰਿਹਾਇਸ਼ ’ਤੇ ਪੁੱਜੇ ਅੰਦੋਲਨਕਾਰੀ ਡਾਕਟਰ, ਜਾਣੋ ਕਿਉਂ ਨਹੀਂ ਹੋ ਸਕੀ ਗੱਲਬਾਤ
Published : Sep 14, 2024, 10:12 pm IST
Updated : Sep 14, 2024, 10:22 pm IST
SHARE ARTICLE
West Bengal Chief Minister Mamata Banerjee at her residence with senior officials.
West Bengal Chief Minister Mamata Banerjee at her residence with senior officials.

ਗੱਲਬਾਤ ਲਈ ਰੱਖੀ ਮੰਗ ਨੂੰ ਮਮਤਾ ਨੇ ਨਾਮਨਜ਼ੂਰ ਕੀਤਾ

ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਿਚਰਵਾਰ ਸ਼ਾਮ ਨੂੰ ਗੱਲਬਾਤ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ ਅੰਦੋਲਨਕਾਰੀ ਡਾਕਟਰਾਂ ਨੂੰ ਬੈਠਕ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ, ਜਦਕਿ ਡਾਕਟਰਾਂ ਨੇ ਬੈਠਕ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਕੀਤੀ। 

ਆਰ.ਜੀ. ਕਰ ਹਸਪਤਾਲ ਵਿਚ ਇਕ ਸਿਖਲਾਈ ਪ੍ਰਾਪਤ ਮਹਿਲਾ ਡਾਕਟਰ ਨਾਲ ਕਥਿਤ ਜਬਰ ਜਨਾਹ ਅਤੇ ਕਤਲ ਨੂੰ ਲੈ ਕੇ ਅੰਦੋਲਨ ਕਰ ਰਹੇ ਜੂਨੀਅਰ ਡਾਕਟਰਾਂ ਅਤੇ ਬੈਨਰਜੀ ਵਿਚਾਲੇ ਬੈਠਕ ਤੈਅ ਸਮੇਂ ’ਤੇ ਨਹੀਂ ਹੋ ਸਕੀ ਕਿਉਂਕਿ ਡਾਕਟਰ ਬੈਠਕ ਦੀ ਲਾਈਵ ਸਟ੍ਰੀਮਿੰਗ ’ਤੇ ਅੜੇ ਰਹੇ। 

ਬੈਨਰਜੀ ਨੇ ਡਾਕਟਰਾਂ ਨੂੰ ਅੰਦਰ ਆਉਣ ਅਤੇ ਮੀਂਹ ’ਚ ਨਾ ਭਿੱਜਣ ਦੀ ਅਪੀਲ ਕੀਤੀ ਅਤੇ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਆਓ ਅਤੇ ਮੀਟਿੰਗ ’ਚ ਸ਼ਾਮਲ ਹੋਵੋ। ਕਿਉਂਕਿ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ, ਇਸ ਲਈ ਅਸੀਂ ਮੀਟਿੰਗ ਦੇ ਸਿੱਧੇ ਪ੍ਰਸਾਰਣ ਦੀ ਆਗਿਆ ਨਹੀਂ ਦੇ ਸਕਦੇ। ਬੈਠਕ ਦੀ ਵੀਡੀਉ ਰੀਕਾਰਡਿੰਗ ਕੀਤੀ ਜਾਵੇਗੀ ਅਤੇ ਸੁਪਰੀਮ ਕੋਰਟ ਦੀ ਇਜਾਜ਼ਤ ਤੋਂ ਬਾਅਦ ਹੀ ਮੈਂ ਤੁਹਾਨੂੰ ਇਸ ਦੀ ਕਾਪੀ ਦੇਵਾਂਗੀ।’’

ਉਨ੍ਹਾਂ ਕਿਹਾ, ‘‘ਅੱਜ ਤੁਸੀਂ ਕਿਹਾ ਕਿ ਤੁਸੀਂ ਮਿਲਣਾ ਚਾਹੁੰਦੇ ਹੋ, ਇਸ ਲਈ ਮੈਂ ਉਡੀਕ ਕਰ ਰਿਹਾ ਹਾਂ। ਤੁਸੀਂ ਇਸ ਤਰ੍ਹਾਂ ਮੇਰਾ ਅਪਮਾਨ ਕਿਉਂ ਕਰ ਰਹੇ ਹੋ? ਕਿਰਪਾ ਕਰ ਕੇ ਮੇਰਾ ਇਸ ਤਰ੍ਹਾਂ ਅਪਮਾਨ ਨਾ ਕਰੋ। ਇਸ ਤੋਂ ਪਹਿਲਾਂ ਤਿੰਨ ਮੌਕਿਆਂ ’ਤੇ, ਮੈਂ ਉਡੀਕ ਕੀਤੀ, ਪਰ ਤੁਸੀਂ ਲੋਕ ਨਹੀਂ ਆਏ।’’ 

ਦੂਜੇ ਪਾਸੇ ਅੰਦੋਲਨਕਾਰੀ ਡਾਕਟਰਾਂ ਨੇ ਕਿਹਾ, ‘‘ਅਸੀਂ ਨਿਰਾਸ਼ ਹਾਂ ਕਿ ਮੰਗਾਂ ਨੂੰ ਲੈ ਕੇ ਸਾਡੀ ਧਿਰ ਵਲੋਂ ਕੁੱਝ ਝੁਕਣ ਦੇ ਬਾਵਜੂਦ ਗੱਲਬਾਤ ਨਹੀਂ ਹੋਈ। ਜਦੋਂ ਅਸੀਂ ਬੈਠਕ ਦੇ ਹਸਤਾਖ਼ਰ ਕੀਤੇ ਵੇਰਵੇ ਨਾਲ ਗੱਲਬਾਤ ਲਈ ਸਹਿਮਤ ਹੋਏ ਤਾਂ ਸਾਨੂੰ ਉਥੋਂ ਚਲੇ ਜਾਣ ਲਈ ਕਿਹਾ ਗਿਆ।’’ ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਜਿਵੇਂ ਸਰਕਾਰ ਰੇੜਕੇ ਨੂੰ ਰੱਲ ਕਰਨ ਲਈ ਗੱਲਬਾਤ ਬਾਰੇ ਗੰਭੀਰ ਨਹੀਂ ਹੈ। 

ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕੋਲਕਾਤਾ ਦੇ ਕਾਲੀਘਾਟ ਇਲਾਕੇ ’ਚ ਸਥਿਤ ਰਿਹਾਇਸ਼ ’ਤੇ ਸਨਿਚਰਵਾਰ ਸ਼ਾਮ ਨੂੰ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਦਾ ਇਕ ਸਮੂਹ ਪਹੁੰਚਿਆ ਸੀ। ਲਗਭਗ 30 ਡਾਕਟਰਾਂ ਦਾ ਇਕ ਵਫ਼ਦ ਸ਼ਾਮ 6:45 ਵਜੇ ਬੈਨਰਜੀ ਦੀ ਰਿਹਾਇਸ਼ ’ਤੇ ਪਹੁੰਚਿਆ। ਹਾਲਾਂਕਿ, ਮੀਟਿੰਗ ਦਾ ਨਿਰਧਾਰਤ ਸਮਾਂ ਸ਼ਾਮ 6 ਵਜੇ ਸੀ। ਸਰਕਾਰ ਨੇ ਮੀਟਿੰਗ ਲਈ 15 ਡੈਲੀਗੇਟਾਂ ਨੂੰ ਸੱਦਾ ਦਿਤਾ ਸੀ। 

ਸੂਬੇ ਦੇ ਸਿਹਤ ਵਿਭਾਗ ਦੇ ਹੈੱਡਕੁਆਰਟਰ ‘ਸਿਹਤ ਭਵਨ’ ਦੇ ਬਾਹਰ ਪ੍ਰਦਰਸ਼ਨ ਵਾਲੀ ਥਾਂ ਤੋਂ ਰਵਾਨਾ ਹੋਣ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਕਿਹਾ ਕਿ ਉਹ ਪਹਿਲਾਂ ਸਰਕਾਰ ਸਾਹਮਣੇ ਰੱਖੀਆਂ ਗਈਆਂ ਪੰਜ ਮੰਗਾਂ ਤੋਂ ਘੱਟ ਕੁੱਝ ਵੀ ਨਹੀਂ ਮੰਨਣਗੇ। 

ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਸਕੱਤਰ ਮਨੋਜ ਪੰਤ ਵਲੋਂ ਭੇਜੀ ਗਈ ਈ-ਮੇਲ ਦਾ ਜਵਾਬ ਦਿੰਦੇ ਹੋਏ ਅੰਦੋਲਨਕਾਰੀ ਡਾਕਟਰਾਂ ਨੇ ਕਿਹਾ ਕਿ ਉਹ ਮੀਟਿੰਗ ’ਚ ਸ਼ਾਮਲ ਹੋਣਗੇ ਅਤੇ ਮੁੱਖ ਮੰਤਰੀ ਸਾਹਮਣੇ ਅਪਣੀਆਂ ਮੰਗਾਂ ਰਖਣਗੇ। 

ਉਨ੍ਹਾਂ ਕਿਹਾ, ‘‘ਅਸੀਂ ਅਪਣੇ ਨੁਮਾਇੰਦਿਆਂ ਨਾਲ ਬੈਠਕ ’ਚ ਹਿੱਸਾ ਲਵਾਂਗੇ। ਅਸੀਂ ਅਪਣੀਆਂ ਪੰਜ ਮੰਗਾਂ ਰੱਖਾਂਗੇ। ਅਸੀਂ ਖੁੱਲ੍ਹੇ ਮਨ ਨਾਲ ਮੀਟਿੰਗ ਲਈ ਜਾ ਰਹੇ ਹਾਂ, ਪਰ ਕਿਸੇ ਨੂੰ ਵੀ ਇਸ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਅਪਣੀਆਂ ਮੰਗਾਂ ਨਾਲ ਸਮਝੌਤਾ ਕਰਾਂਗੇ।’’

ਇਸ ਤੋਂ ਪਹਿਲਾਂ ਮੁੱਖ ਸਕੱਤਰ ਮਨੋਜ ਪੰਤ ਵਲੋਂ ਅੰਦੋਲਨਕਾਰੀ ਡਾਕਟਰਾਂ ਨੂੰ ਭੇਜੀ ਗਈ ਈ-ਮੇਲ ’ਚ ਕਿਹਾ ਗਿਆ ਹੈ, ‘‘ਤੁਹਾਨੂੰ ਅੱਜ ਸ਼ਾਮ 6 ਵਜੇ ਕਾਲੀਘਾਟ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਖੁੱਲ੍ਹੇ ਮਨ ਨਾਲ ਵਿਚਾਰ ਵਟਾਂਦਰੇ ਲਈ ਸੱਦਾ ਦਿਤਾ ਜਾਂਦਾ ਹੈ। ਇਸ ਮੀਟਿੰਗ ’ਚ 15 ਜੂਨੀਅਰ ਡਾਕਟਰਾਂ ਦਾ ਵਫ਼ਦ ਸ਼ਾਮਲ ਹੋ ਸਕਦਾ ਹੈ। ਅਸੀਂ ਇਸ ਸਬੰਧ ’ਚ ਤੁਹਾਡੇ ਸਕਾਰਾਤਮਕ ਹੁੰਗਾਰੇ ਦੀ ਉਮੀਦ ਕਰਦੇ ਹਾਂ।’’

ਮੁੱਖ ਮੰਤਰੀ ਅਚਾਨਕ ਪ੍ਰਦਰਸ਼ਨ ਵਾਲੀ ਥਾਂ ਪੁੱਜੇ

ਬੈਨਰਜੀ ਸਨਿਚਰਵਾਰ ਨੂੰ ਅਚਾਨਕ ਜੂਨੀਅਰ ਡਾਕਟਰਾਂ ਦੇ ਪ੍ਰਦਰਸ਼ਨ ਵਾਲੀ ਥਾਂ ’ਤੇ ਪਹੁੰਚ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕਰਨਗੇ ਅਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁਧ ਕਾਰਵਾਈ ਕਰਨਗੇ। ਇਸ ਤੋਂ ਕੁੱਝ ਘੰਟਿਆਂ ਬਾਅਦ ਅੰਦੋਲਨਕਾਰੀ ਡਾਕਟਰਾਂ ਨੇ ਪਛਮੀ ਬੰਗਾਲ ਸਰਕਾਰ ਨੂੰ ਈ-ਮੇਲ ਭੇਜ ਕੇ ਮੁੱਖ ਮੰਤਰੀ ਬੈਨਰਜੀ ਨਾਲ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ। 

ਅੰਦੋਲਨਕਾਰੀ ਡਾਕਟਰਾਂ ਵਿਚੋਂ ਇਕ ਨੇ ਕਿਹਾ, ‘‘ਅਸੀਂ ਇਸ ਰੁਕਾਵਟ ਨੂੰ ਹੱਲ ਕਰਨ ਲਈ ਕਿਸੇ ਵੀ ਸਮੇਂ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਲਈ ਤਿਆਰ ਹਾਂ। ਅਸੀਂ ਉਨ੍ਹਾਂ (ਬੈਨਰਜੀ) ਦਾ ਅੱਜ ਦੁਪਹਿਰ ਸਾਡੇ ਕੋਲ ਆਉਣ ਲਈ ਸਵਾਗਤ ਕਰਦੇ ਹਾਂ। ਇਹ ਬਹੁਤ ਹੀ ਸਕਾਰਾਤਮਕ ਕਦਮ ਹੈ। ਅਸੀਂ ਰਾਜ ਸਰਕਾਰ ਨੂੰ ਇਕ ‘ਮੇਲ’ ਭੇਜੀ ਹੈ।’’ ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਉਹ ਅਜੇ ਵੀ ਪੂਰੀ ਮੀਟਿੰਗ ਦੀ ਲਾਈਵ ਕਵਰੇਜ ਦੀ ਅਪਣੀ ਮੰਗ ’ਤੇ ਕਾਇਮ ਹਨ। ਉਨ੍ਹਾਂ ਕਿਹਾ, ‘‘ਅਸੀਂ ਪਾਰਦਰਸ਼ਤਾ ਚਾਹੁੰਦੇ ਹਾਂ।’’

ਪਛਮੀ ਬੰਗਾਲ ਜੂਨੀਅਰ ਡਾਕਟਰਜ਼ ਫਰੰਟ ਨੇ ਅਪਣੇ ਮੇਲ ’ਚ ਲਿਖਿਆ, ‘‘ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਖਰਾਬ ਮੌਸਮ ’ਚ ਸਾਡੇ ਵਿਚਕਾਰ ਆ ਕੇ ਸਦਭਾਵਨਾ ਵਿਖਾਈ ਹੈ ਅਤੇ ਸਾਡੇ ਨਾਲ ਅਪਣੇ ਵਿਚਾਰ ਸਾਂਝੇ ਕੀਤੇ ਹਨ। ਅਸੀਂ ਇਸ ਨੂੰ ਅਪਣੀਆਂ ਪੰਜ ਨੁਕਾਤੀ ਮੰਗਾਂ ’ਤੇ ਨਿਰਵਿਘਨ ਵਿਚਾਰ ਵਟਾਂਦਰੇ ਦੀ ਦਿਸ਼ਾ ’ਚ ਇਕ ਸਵਾਗਤਯੋਗ ਕਦਮ ਵਜੋਂ ਲੈਂਦੇ ਹਾਂ, ਜਿਸ ਲਈ ਅਸੀਂ ਪਿਛਲੇ 35 ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਾਂ।’’

ਡਾਕਟਰ ਮੰਗਲਵਾਰ ਤੋਂ ਰਾਜ ਦੇ ਸਿਹਤ ਵਿਭਾਗ ਦੇ ਹੈੱਡਕੁਆਰਟਰ ਸਿਹਤ ਭਵਨ ਦੇ ਬਾਹਰ ਧਰਨੇ ’ਤੇ ਬੈਠੇ ਹਨ। ਉਨ੍ਹਾਂ ਦੀਆਂ ਮੰਗਾਂ ’ਚ ਸਰਕਾਰੀ ਹਸਪਤਾਲਾਂ ’ਚ ਬਿਹਤਰ ਸੁਰੱਖਿਆ ਪ੍ਰਬੰਧ ਅਤੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ, ਸਿਹਤ ਸਕੱਤਰ ਐਨਐਸ ਨਿਗਮ, ਸਿਹਤ ਸੇਵਾਵਾਂ ਦੇ ਡਾਇਰੈਕਟਰ ਅਤੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਨੂੰ ਆਰ.ਜੀ. ਕਰ ਹਸਪਤਾਲ ’ਚ ਵਾਪਰੀ ਘਟਨਾ ਦੇ ਮੱਦੇਨਜ਼ਰ ਅਪਣੀ ਡਿਊਟੀ ’ਚ ਅਸਫਲ ਰਹਿਣ ਲਈ ਮੁਅੱਤਲ ਕਰਨਾ ਸ਼ਾਮਲ ਹੈ। 

ਪਿਛਲੇ ਮਹੀਨੇ ਆਰ.ਜੀ. ਕਰ ਹਸਪਤਾਲ ’ਚ ਇਕ ਸਿਖਲਾਈ ਪ੍ਰਾਪਤ ਮਹਿਲਾ ਡਾਕਟਰ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਦੀ ਹੱਤਿਆ ਕਰ ਦਿਤੀ ਗਈ ਸੀ। ਅਗਲੇ ਦਿਨ ਕੋਲਕਾਤਾ ਪੁਲਿਸ ਦੇ ਇਕ ਵਿਅਕਤੀ ਨੂੰ ਇਸ ਘਟਨਾ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਸੀ। ਕਲਕੱਤਾ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਇਸ ਘਟਨਾ ਦੀ ਜਾਂਚ ਕਰ ਰਹੀ ਹੈ। 

ਪ੍ਰਦਰਸ਼ਨਕਾਰੀ ਡਾਕਟਰਾਂ ’ਤੇ ਹਮਲੇ ਦੀ ਸਾਜ਼ਸ਼ ਦੇ ਦੋਸ਼ ’ਚ ਸੀ.ਪੀ.ਐਮ. ਆਗੂ ਸਮੇਤ ਦੋ ਜਣੇ ਗ੍ਰਿਫ਼ਤਾਰ

ਕੋਲਕਾਤਾ : ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਐਮ.) ਦੇ ਆਗੂ ਕਲਾਤਨ ਦਾਸਗੁਪਤਾ ਸਮੇਤ ਦੋ ਲੋਕਾਂ ਨੂੰ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ’ਤੇ ਹਮਲਾ ਕਰਨ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਆਗੂ ਕੁਣਾਲ ਘੋਸ਼ ਨੇ ਇਕ ਫ਼ੋਨ ਕਾਲ ਦੀ ਆਡੀਉ ਕਲਿੱਪ ਜਾਰੀ ਕੀਤੀ ਜਿਸ ਤੋਂ ਬਾਅਦ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਘੋਸ਼ ਨੇ ਦੋਸ਼ ਲਾਇਆ ਕਿ ਸੂਬੇ ’ਚ ਮਮਤਾ ਬੈਨਰਜੀ ਸਰਕਾਰ ਨੂੰ ਬਦਨਾਮ ਕਰਨ ਲਈ ਸਾਲਟ ਲੇਕ ’ਚ ਸਿਹਤ ਭਵਨ ਬਾਹਰ ਪ੍ਰਦਰਸ਼ਨ ਕਰ ਰਹੇ ਜੂਨੀਅਨ ਡਾਕਟਰਾਂ ’ਤੇ ਹਮਲਾ ਕਰਨ ਦੀ ਸਾਜ਼ਸ਼ ਰਚੀ ਜਾ ਰਹੀ ਹੈ। 

SHARE ARTICLE

ਏਜੰਸੀ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement