
ਨਸ਼ਾ ਛੁਡਾਊ ਕੇਂਦਰ ਤੋਂ ਹੀ ਕਰ ਰਿਹਾ ਸੀ ਨਸ਼ਿਆਂ ਦਾ ਕਾਰੋਬਾਰ
ਹਮੀਰਪੁਰ: ਹਮੀਰਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (ਐੱਨ.ਆਈ.ਟੀ.) ’ਚ ਪਿਛਲੇ ਸਾਲ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਐਮ.ਟੈੱਕ. ਦੇ ਪਹਿਲੇ ਸਾਲ ਦੇ ਵਿਦਿਆਰਥੀ ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ। ਇਕ ਪੁਲਿਸ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਹਮੀਰਪੁਰ ਦੇ ਪੁਲਿਸ ਸੁਪਰਡੈਂਟ ਭਗਤ ਸਿੰਘ ਠਾਕੁਰ ਨੇ ਦਸਿਆ ਕਿ ਦੋਸ਼ੀ ਕੁਲਵਿੰਦਰ ਨੂੰ ਸ਼ੁਕਰਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁਲਵਿੰਦਰ ਲੋੜੀਂਦਾ ਸੀ ਅਤੇ ਉਸ ਦੇ ਵਿਰੁਧ ਕਈ ਥਾਣਿਆਂ ’ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐਨ.ਡੀ.ਪੀ.ਐਸ.) ਤਹਿਤ ਕਈ ਕੇਸ ਦਰਜ ਹਨ।
ਪੁਲਿਸ ਨੇ ਦਸਿਆ ਕਿ ਕੁਲਵਿੰਦਰ ਦੇ ਸੂਬੇ ਭਰ ’ਚ ਨਸ਼ਾ ਤਸਕਰਾਂ ਨਾਲ ਸਬੰਧ ਸਨ ਅਤੇ ਉਸ ਦਾ ਲੱਖਾਂ ਰੁਪਏ ਦਾ ਵਿੱਤੀ ਲੈਣ-ਦੇਣ ਸੀ। ਪੁਲਿਸ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਵਿਦਿਆਰਥੀ ਨੇ ਉਸ ਤੋਂ ਨਸ਼ੀਲੇ ਪਦਾਰਥ ਖਰੀਦੇ ਸਨ।
ਮੁਲਜ਼ਮ ਊਨਾ ਦੇ ਨਸ਼ਾ ਛੁਡਾਊ ਕੇਂਦਰ ਨਾਲ ਵੀ ਜੁੜਿਆ ਹੋਇਆ ਸੀ, ਜਿੱਥੋਂ ਉਹ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਸੀ। ਪੰਜਾਬੀ ਦੀ ਹੀ ਮਲਕੀਅਤ ਵਾਲੇ ਇਸ ਕੇਂਦਰ ਦੇ ਮਾਲਕ ਨੂੰ ਪਿਛਲੇ ਸਾਲ ਨਵੰਬਰ ’ਚ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਦੇ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਫੈਲੇ ਨਸ਼ਾ ਤਸਕਰਾਂ ਨਾਲ ਸਬੰਧ ਪਾਏ ਗਏ ਹਨ।
ਮੁਲਜ਼ਮ ਨੂੰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ 17 ਸਤੰਬਰ ਤਕ ਪੁਲਿਸ ਹਿਰਾਸਤ ’ਚ ਭੇਜ ਦਿਤਾ। ਇਸ ਦੌਰਾਨ ਪੁਲਿਸ ਮੁਲਜ਼ਮ ਤੋਂ ਪੁੱਛ-ਪੜਤਾਲ ਕਰ ਰਹੀ ਹੈ ਅਤੇ ਉਸ ਦੇ ਕਾਰੋਬਾਰ ਅਤੇ ਹਮੀਰਪੁਰ ਦੇ ਲੋਕਾਂ ਨਾਲ ਸੰਪਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਪੁਲਿਸ ਨੇ ਇਸ ਤੋਂ ਪਹਿਲਾਂ ਵਿਦਿਆਰਥੀ ਦੀ ਮੌਤ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਸਬੰਧ ’ਚ ਜਲੰਧਰ ਤੋਂ ਦੋ ਮੁਲਜ਼ਮਾਂ, ਇਕ ਨਸ਼ਾ ਤਸਕਰ, ਐਨ.ਆਈ.ਟੀ. ਦੇ ਵਿਦਿਆਰਥੀਆਂ, ਇਕ ਬੀ.ਐਡ. ਵਿਦਿਆਰਥੀ ਅਤੇ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਐਨ.ਆਈ.ਟੀ. ਅਧਿਕਾਰੀਆਂ ਨੇ ਸੰਸਥਾ ਤੋਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਣ ਤੋਂ ਬਾਅਦ 24 ਵਿਦਿਆਰਥੀਆਂ ਵਿਰੁਧ ਦੰਡਾਤਮਕ ਕਾਰਵਾਈ ਕੀਤੀ ਸੀ।