
ਸਾਰੀਆਂ ਭਸ਼ਾਵਾਂ ਨੂੰ ਮਜ਼ਬੂਤ ਕਰਨ ਨਾਲ ਹੀ ਹਿੰਦੀ ਭਾਸ਼ਾ ਹੋਰ ਹੋਵੇਗੀ ਮਜ਼ਬੂਤ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਕਿਹਾ ਕਿ ਅਧਿਕਾਰਤ ਭਾਸ਼ਾ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚਾਲੇ ਕਦੇ ਮੁਕਾਬਲਾ ਨਹੀਂ ਹੋ ਸਕਦਾ ਕਿਉਂਕਿ ਉਹ ਸਹੇਲੀਆਂ ਹਨ ਅਤੇ ਇਕ-ਦੂਜੇ ਦੀਆਂ ਪੂਰਕ ਹਨ। ਹਿੰਦੀ ਦਿਵਸ ਦੇ ਮੌਕੇ ’ਤੇ ਚੌਥੀ ਆਲ ਇੰਡੀਆ ਆਫੀਸ਼ੀਅਲ ਲੈਂਗੂਏਜ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਇਹ ਵੀ ਕਿਹਾ ਕਿ ਅਧਿਕਾਰਤ ਭਾਸ਼ਾ ਹਿੰਦੀ ਦਾ ਪ੍ਰਚਾਰ ਉਦੋਂ ਤਕ ਨਹੀਂ ਹੋ ਸਕਦਾ ਜਦੋਂ ਤਕ ਹੋਰ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ ਅਤੇ ਸਰਕਾਰੀ ਭਾਸ਼ਾ ਉਨ੍ਹਾਂ ਸਾਰਿਆਂ ਨਾਲ ਸੰਵਾਦ ਸਥਾਪਤ ਨਹੀਂ ਕਰਦੀ।
ਉਨ੍ਹਾਂ ਕਿਹਾ, ‘‘ਹਿੰਦੀ ਅਤੇ ਸਥਾਨਕ ਭਾਸ਼ਾਵਾਂ ਵਿਚਾਲੇ ਕਦੇ ਮੁਕਾਬਲਾ ਨਹੀਂ ਹੋ ਸਕਦਾ ਕਿਉਂਕਿ ਹਿੰਦੀ ਸਾਰੀਆਂ ਸਥਾਨਕ ਭਾਸ਼ਾਵਾਂ ਦੀ ਸਹੇਲੀ ਹੈ। ਹਿੰਦੀ ਅਤੇ ਸਾਰੀਆਂ ਸਥਾਨਕ ਭਾਸ਼ਾਵਾਂ ਇਕ ਦੂਜੇ ਦੀ ਪੂਰਕ ਹਨ, ਇਸ ਲਈ ਉਨ੍ਹਾਂ ਵਿਚਾਲੇ ਰਿਸ਼ਤਾ ਹੋਰ ਮਜ਼ਬੂਤ ਕੀਤਾ ਜਾਵੇਗਾ।’’ ਗ੍ਰਹਿ ਮੰਤਰੀ ਨੇ ਕਿਹਾ ਕਿ ਹਿੰਦੀ ਦਿਵਸ ਹਿੰਦੀ ਨੂੰ ਇਕ ਲਿੰਕ ਭਾਸ਼ਾ, ਇਕ ਸਾਂਝੀ ਭਾਸ਼ਾ, ਇਕ ਤਕਨੀਕੀ ਭਾਸ਼ਾ ਅਤੇ ਹੁਣ ਇਕ ਕੌਮਾਂਤਰੀ ਭਾਸ਼ਾ ਬਣਾਉਣ ਦੇ ਸੰਕਲਪ ਦਾ ਮੌਕਾ ਹੈ।
ਉਨ੍ਹਾਂ ਕਿਹਾ, ‘‘ਅਸੀਂ ਹਿੰਦੀ ਨੂੰ ਅਧਿਕਾਰਤ ਭਾਸ਼ਾ ਵਜੋਂ ਮਾਨਤਾ ਦਿਤੇ ਜਾਣ ਦੇ 75 ਸਾਲ ਪੂਰੇ ਹੋਣ ਦੇ ਮੌਕੇ ’ਤੇ ਡਾਇਮੰਡ ਜੁਬਲੀ ਮਨਾ ਰਹੇ ਹਾਂ। ਹਿੰਦੀ ਨੂੰ ਅਧਿਕਾਰਤ ਭਾਸ਼ਾ ਵਜੋਂ ਮਨਜ਼ੂਰ ਕਰ ਕੇ ਅਤੇ ਹਿੰਦੀ ਰਾਹੀਂ ਦੇਸ਼ ਦੀਆਂ ਸਾਰੀਆਂ ਸਥਾਨਕ ਭਾਸ਼ਾਵਾਂ ਨੂੰ ਜੋੜ ਕੇ ਅਸੀਂ ਅਪਣੇ ਸਭਿਆਚਾਰ, ਭਾਸ਼ਾਵਾਂ, ਸਾਹਿਤ, ਕਲਾ ਅਤੇ ਵਿਆਕਰਣ ਨੂੰ ਸੁਰੱਖਿਅਤ ਅਤੇ ਉਤਸ਼ਾਹਿਤ ਕਰਨ ਵਲ ਵਧ ਰਹੇ ਹਾਂ।’’
ਸ਼ਾਹ ਨੇ ਕਿਹਾ ਕਿ ਹਿੰਦੀ ਭੂ-ਸਿਆਸੀ ਭਾਸ਼ਾ ਨਾਲੋਂ ਜ਼ਿਆਦਾ ਭੂ-ਸਭਿਆਚਾਰਕ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੋ ਮੰਤਰਾਲਿਆਂ ਗ੍ਰਹਿ ਅਤੇ ਸਹਿਕਾਰਤਾ ਦੀ ਫਾਈਲ ਰਾਹੀਂ ਸਾਰੇ ਸੰਚਾਰ ਹਿੰਦੀ ਵਿਚ ਕੀਤੇ ਜਾਂਦੇ ਹਨ। ਸ਼ਾਹ ਨੇ ਕਿਹਾ, ‘‘ਇਸ ਪੱਧਰ ਤਕ ਪਹੁੰਚਣ ’ਚ ਤਿੰਨ ਸਾਲ ਲੱਗ ਗਏ।’’ ਇਸ ਤੋਂ ਪਹਿਲਾਂ ਹਿੰਦੀ ਦਿਵਸ ’ਤੇ ਵਧਾਈ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਸੰਵਿਧਾਨ ਸਭਾ ਦੀ ਭਾਵਨਾ ਇਹ ਹੈ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕਿਸੇ ਵੀ ਭਾਰਤੀ ਭਾਸ਼ਾ ’ਚ ਇਕ-ਦੂਜੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਚਾਹੇ ਉਹ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਜਾਂ ਗੁਜਰਾਤੀ ਹੋਵੇ।
ਉਨ੍ਹਾਂ ਕਿਹਾ, ‘‘ਹਿੰਦੀ ਨੂੰ ਮਜ਼ਬੂਤ ਕਰਨ ਨਾਲ ਇਹ ਸਾਰੀਆਂ ਭਾਸ਼ਾਵਾਂ ਲਚਕੀਲੀ ਅਤੇ ਖੁਸ਼ਹਾਲ ਹੋਣਗੀਆਂ ਅਤੇ ਜਦੋਂ ਇਹ ਸਾਰੀਆਂ ਭਾਸ਼ਾਵਾਂ ਏਕੀਕ੍ਰਿਤ ਹੋਣਗੀਆਂ ਤਾਂ ਇਹ ਸਾਰੀਆਂ ਭਾਸ਼ਾਵਾਂ ਸਾਡੇ ਸਭਿਆਚਾਰ , ਇਤਿਹਾਸ, ਸਾਹਿਤ, ਵਿਆਕਰਣ ਅਤੇ ਰੀਤੀ-ਰਿਵਾਜਾਂ ਨੂੰ ਵੀ ਅੱਗੇ ਲੈ ਕੇ ਜਾਣਗੀਆਂ।’’
ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਾਲ ਹਿੰਦੀ ਦਿਵਸ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ 14 ਸਤੰਬਰ, 1949 ਨੂੰ ਭਾਰਤ ਦੀ ਸੰਵਿਧਾਨ ਸਭਾ ਵਲੋਂ ਹਿੰਦੀ ਨੂੰ ਸੰਘ ਦੀ ਅਧਿਕਾਰਤ ਭਾਸ਼ਾ ਵਜੋਂ ਮਨਜ਼ੂਰ ਕੀਤੇ 75 ਸਾਲ ਹੋ ਗਏ ਹਨ ਅਤੇ ਦੇਸ਼ ਇਸ ਸਾਲ ਸਰਕਾਰੀ ਭਾਸ਼ਾ ਦੀ ਡਾਇਮੰਡ ਜੁਬਲੀ ਮਨਾਉਣ ਜਾ ਰਿਹਾ ਹੈ।