
ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ
ਮਿਲਾਨ : ਦੂਜੇੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਪਿਛਲੇ 15 ਸਾਲਾਂ ਤੋਂ ਇਟਾਲੀਅਨ ਪ੍ਰਸ਼ਾਸ਼ਨ ਨਾਲ ਮਿਲ ਕੇ ਵੱਖ-ਵੱਖ ਸ਼ਹਿਰਾਂ ਵਿੱਚ ਯਾਦਗਾਰਾਂ ਸਥਾਪਤ ਕਰ ਚੁੱਕੀ ਹੈ। ਸ਼ਨੀਵਾਰ ਨੂੰ ਕਾਜੋਲਾ ਵਲਸੇਨੀੳ (ਜਾਤਾਲੀਆ) ਵਿੱਚ ਸਿੱਖ ਫੌਜੀਆਂ ਦੀ 10ਵੀਂ ਸਮਾਰਕ (ਯਾਦਗਾਰ) ਸਥਾਪਿਤ ਕੀਤੀ ਗਈ। ਜਿੱਥੇ ਸਿੱਖੀ ਦਾ ਚਿੰਨ੍ਹ ਖੰਡਾ ਸਾਹਿਬ ਸ਼ੁਸ਼ੋਬਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਦੇ ਪ੍ਰਧਾਨ ਪ੍ਰਿਥੀਪਾਲ ਸਿਘ ਨੇ ਦੱਸਿਆ ਕਿ ਇਟਲੀ ਵਿੱਚ ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ 10ਵੀਂ ਸਮਾਰਕ (ਯਾਦਗਾਰ) ਸਥਾਪਿਤ ਕੀਤੀ ਗਈ ਹੈ।
ਇਟਾਲੀਆਨ ਪ੍ਰਸ਼ਾਸ਼ਨ ਅਤੇ ਕਮੂਨੇ ਦੀ ਕਾਜੋਲਾ ਵਲਸੇਨੀੳ (ਜਾਤਾਲੀਆ) ਦੇ ਸਹਿਯੋਗ ਨਾਲ ਕਰਵਾਏ ਸਮਾਰਕ ਦੇ ਉਦਘਾਟਨ ਮੌਕੇ ਵਰਲਡ ਸਿੱਖ ਸ਼ਹੀਦ ਸੰਸਥਾ ਦੇ ਆਗੂਆਂ ਅਤੇ ਸੰਗਤਾਂ ਨੇ ਮੂਲਮੰਤਰ ਸਾਹਿਬ ਦਾ ਜਾਪ ਕੀਤਾ ਅਤੇ ਅਰਦਾਸ ਕੀਤੀ। ਇਸ ਮੌਕੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਦੇ ਮੇਅਰ, ਮਿਲਟਰੀ ਅਤੇ ਕਮੂਨੇ ਦੀ ਕਾਜੋਲਾ ਵਲਸੇਨੀੳ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਮੇਅਰ ਮਾੳਰੀਜੀੳ ਨਾਤੀ ਨੇ ਸਿੱਖਾਂ ਫੌਜੀਆਂ ਦੀ 10ਵੀਂ ਸਮਾਰਕ ਬਣਨ ਤੇ ਵਧਾਈ ਦਿੰਦਿਆਂ ਸਿੱਖ ਕੌਮ ਦੀ ਸਰਾਹਨਾ ਕੀਤੀ ਤੇ ਹੋਰਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਆਪਣੇ ਭਾਸ਼ਣ ਰਾਹੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬਾਅਦ ਵਿਚ ਵਰਲਡ ਸਿੱਖ ਸ਼ਹੀਦ ਮਿਲਟਰੀ (ਰਜਿ.) ਇਟਲੀ ਦੇ ਪ੍ਰਬੰਧਕਾਂ ਨੇ ਆਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਲੋਂ ਕੀਤੀ ਗਈ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਦੇ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਨਾਮ ਸਿੰਘ ਇਕਬਾਲ ਸਿੰਘ ਸੋਢੀ, ਬਖਤੋਰ ਸਿੰਘ, ਮਜਿੰਦਰ ਸਿੰਘ ਖਾਲਸਾ, ਰਾਜ ਕੁਮਾਰ, ਜਸਪ੍ਰੀਤ ਸੰਧੂ, ਭਾਈ ਦਵਿਦਰ ਸਿੰਘ ਕਥਾਵਾਚਕ, ਜਸਵੀਰ ਸਿੰਘ ਆਦਿ ਸ਼ਾਮਿਲ ਹੋਏ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਦੁਆਰਾ ਹਰ ਸਾਲ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਵਿੱਚ ਸਮਾਗਮ ਕਰਵਾਉਂਦੀ ਹੈ। ਇਨ੍ਹਾਂ ਯਾਦਗਾਰਾਂ ’ਤੇ ਕਰਵਾਏ ਸਮਾਗਮ ਵਿੱਚ ਇਟਲੀ ਪ੍ਰਸ਼ਾਸ਼ਨ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਿੱਖ ਫੌਜੀਆਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਾ ਹੈ।