
ਕਿਹਾ, ਮੈਂ ਸ਼ਿਵ ਭਗਤ ਹਾਂ, ਮੈਂ ਸਾਰਾ ਜ਼ਹਿਰ ਨਿਗਲ ਲੈਂਦਾ ਹਾਂ
Prime Minister Modi Speaks Again on Abusive Words Spoken to Mother Latest News in Punjabi ਅਸਾਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਦੇ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਅਪਣੇ ਆਪ ਨੂੰ ਭਗਵਾਨ ਸ਼ਿਵ ਦਾ ਭਗਤ ਦੱਸਿਆ। ਉਨ੍ਹਾਂ ਕਿਹਾ ਕਿ ਕੋਈ ਮੈਨੂੰ ਕਿੰਨੇ ਵੀ ਅਪਸ਼ਬਦ ਬੋਲੇ, ਮੈਂ ਸਾਰਾ ਜ਼ਹਿਰ ਨਿਗਲ ਲੈਂਦਾ ਹਾਂ। ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਮੇਰਾ ਇਕੋ-ਇਕ ਕੰਟਰੋਲ ਦੇਸ਼ ਦੇ 140 ਕਰੋੜ ਲੋਕ ਹਨ, ਉਹ ਮੇਰੇ ਮਾਲਕ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ 'ਤੇ ਭੂਪੇਨ ਹਜ਼ਾਰਿਕਾ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਾਜਪਾ ਦੀ 'ਡਬਲ ਇੰਜਣ' ਸਰਕਾਰ ਭੂਪੇਨ ਹਜ਼ਾਰਿਕਾ ਵਰਗੇ ਅਸਾਮ ਦੇ ਮਹਾਨ ਪੁੱਤਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੇਰੇ ਲਈ, ਜਨਤਾ ਮੇਰਾ ਭਗਵਾਨ ਹੈ। ਜੇ ਮੇਰੀ ਆਤਮਾ ਦੀ ਆਵਾਜ਼ ਮੇਰੇ ਭਗਵਾਨ ਕੋਲ ਜਾਣ ਤੋਂ ਬਾਅਦ ਨਹੀਂ ਨਿਕਲਦੀ, ਤਾਂ ਇਹ ਹੋਰ ਕਿੱਥੇ ਨਿਕਲੇਗੀ। ਇਹ ਮੇਰੇ ਮਾਲਕ ਹਨ ਤੇ ਮੇਰੇ ਸਤਿਕਾਰਯੋਗ ਹਨ, ਉਹ ਮੇਰਾ ਰਿਮੋਟ ਕੰਟਰੋਲ ਹੈ ਅਤੇ ਕੋਈ ਹੋਰ ਮੈਨੂੰ ਕੰਟਰੋਲ ਨਹੀਂ ਕਰ ਸਕਦਾ। 140 ਕਰੋੜ ਦੇਸ਼ ਵਾਸੀ ਮੇਰਾ ਰਿਮੋਟ ਕੰਟਰੋਲ ਹਨ।" ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੇ ਦਰੰਗ ਵਿਚ 6,300 ਕਰੋੜ ਰੁਪਏ ਦੇ ਸਿਹਤ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਗੁਹਾਟੀ ਰਿੰਗ ਰੋਡ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਹਿਲੀ ਵਾਰ ਅਸਾਮ ਆਇਆ ਹਾਂ।
ਧਿਆਨ ਦੇਣਯੋਗ ਹੈ ਕਿ ਹਾਲ ਹੀ ਵਿਚ ਇੰਡੀਆ ਅਲਾਇੰਸ ਦੀ ਵੋਟਰ ਅਧਿਕਾਰ ਯਾਤਰਾ ਦੌਰਾਨ, ਬਿਹਾਰ ਦੇ ਦਰਭੰਗਾ ਵਿਚ ਇਕ ਸਟੇਜ ਤੋਂ ਵਿਰੋਧੀ ਪਾਰਟੀਆਂ ਦੇ ਕੁੱਝ ਵਰਕਰਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਮਾਂ ਨਾਲ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ, ਜਿਸ ਦੀ ਵੀਡੀਉ ਸਾਹਮਣੇ ਆਈ ਸੀ। ਇਸ ਮਾਮਲੇ ਵਿਚ, ਬਿਹਾਰ ਭਾਜਪਾ ਵਲੋਂ ਇਕ ਐਫ਼.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਵੋਟਰ ਅਧਿਕਾਰ ਯਾਤਰਾ ਦੇ ਇਕ ਪ੍ਰੋਗਰਾਮ ਦੌਰਾਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਟੇਜ ਤੋਂ ਬਦਸਲੂਕੀ ਕੀਤੀ ਗਈ ਸੀ। ਇਸ ਮਾਮਲੇ ਵਿਚ, ਦਰਭੰਗਾ ਜ਼ਿਲ੍ਹਾ ਪੁਲਿਸ ਨੇ ਸਿੰਘਵਾੜਾ ਥਾਣਾ ਖੇਤਰ ਦੇ ਭਵਾਨੀਪੁਰ ਪੰਚਾਇਤ (ਵਾਰਡ ਨੰਬਰ 1) ਦੇ ਭਾਪੁਰਾ ਪਿੰਡ ਦੇ ਰਹਿਣ ਵਾਲੇ ਅਨੀਸ਼ ਕੁਰੈਸ਼ੀ ਦੇ ਪੁੱਤਰ ਮੁਹੰਮਦ ਰਿਜ਼ਵੀ ਉਰਫ਼ ਰਾਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਰਤ ਇਸ ਸਮੇਂ ਦੁਨੀਆਂ ਦਾ ਸੱਭ ਤੋਂ ਤੇਜ਼ੀ ਨਾਲ ਵਧ ਰਿਹਾ ਦੇਸ਼ ਹੈ ਅਤੇ ਅਸਾਮ ਇਸ ਦੇ ਸੱਭ ਤੋਂ ਤੇਜ਼ੀ ਨਾਲ ਵਧ ਰਹੇ ਸੂਬਿਆਂ ਵਿਚੋਂ ਇਕ ਹੈ। ਇਕ ਸਮੇਂ ਵਿਕਾਸ ਨਾਲ ਤਾਲਮੇਲ ਬਣਾਈ ਰੱਖਣ ਲਈ ਸੰਘਰਸ਼ ਕਰ ਰਿਹਾ ਸੀ, ਅਸਾਮ ਹੁਣ ਅਪਣੇ ਆਪ ਨੂੰ ਬਦਲ ਚੁੱਕਾ ਹੈ ਅਤੇ 13 ਫ਼ੀ ਸਦੀ ਦੀ ਵਿਕਾਸ ਦਰ ਨਾਲ ਸ਼ਾਨਦਾਰ ਤਰੱਕੀ ਕਰ ਰਿਹਾ ਹੈ। ਇਹ ਪ੍ਰਭਾਵਸ਼ਾਲੀ ਪ੍ਰਾਪਤੀ ਇਸ ਦੇ ਲੋਕਾਂ ਦੇ ਦ੍ਰਿੜ ਇਰਾਦੇ ਅਤੇ ਸਮਰਪਣ ਦਾ ਪ੍ਰਮਾਣ ਹੈ। ਇਹ ਅਸਾਮ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਭਾਜਪਾ ਦੀ ਡਬਲ ਇੰਜਣ ਸਰਕਾਰ ਦੇ ਯੋਗਦਾਨ ਦੁਆਰਾ ਚਲਾਏ ਗਏ ਸਹਿਯੋਗੀ ਯਤਨਾਂ ਦਾ ਵੀ ਨਤੀਜਾ ਹੈ। ਇਹੀ ਕਾਰਨ ਹੈ ਕਿ ਹਿਮੰਤ ਬਿਸਵਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਅਸਾਮ ਦੇ ਲੋਕਾਂ ਤੋਂ ਭਾਰੀ ਸਮਰਥਨ ਮਿਲ ਰਿਹਾ ਹੈ।"
(For more news apart from Prime Minister Modi Speaks Again on Abusive Words Spoken to Mother Latest News in Punjabi stay tuned to Rozana Spokesman.)