
ਪਰਿਵਾਰ ਨੇ ਵੀ ਕਿਹਾ ਕਿ ਹੱਕਾਂ ਲਈ ਲੜਾਂਗੇ ਕਨੂੰਨੀ ਲੜਾਈ
ਚੰਡੀਗੜ੍ਹ - ਆਪਣੇ ਧਾਰਮਿਕ ਚਿੰਨ੍ਹਾਂ ਦੇ ਸਤਿਕਾਰ ਲਈ ਸਿੱਖ ਕੌਮ ਦੁਨੀਆ ਭਰ 'ਚ ਸੰਘਰਸ਼ਸ਼ੀਲ ਹੈ। ਬਹੁਤ ਸਾਰੇ ਮੁਲਕਾਂ 'ਚ ਸਿੱਖ ਆਪਣੀ ਦਸਤਾਰ ਤੇ ਕਕਾਰਾਂ ਆਦਿ ਦੀ ਸਤਿਕਾਰ ਬਹਾਲੀ 'ਚ ਕਾਮਯਾਬ ਵੀ ਹੋਏ ਹਨ। ਪਰ ਇਨ੍ਹਾਂ ਦੇ ਸਨਮਾਨ ਲਈ ਜੇ ਸਿੱਖਾਂ ਨੂੰ ਪੰਜਾਬ 'ਚ ਹੀ ਪਰੇਸ਼ਾਨ ਕੀਤਾ ਜਾਵੇ ਤਾਂ ਇਹ ਬਹੁਤ ਸ਼ਰਮਨਾਕ ਗੱਲ ਹੈ। ਤਾਜ਼ਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਥਾਨਕ ਡੀ.ਪੀ.ਐੱਸ. ਵਰਲਡ ਸਕੂਲ 'ਚ ਹੋਣ ਵਾਲੀ ਯੂ.ਜੀ.ਸੀ. ਨੈੱਟ ਪ੍ਰੀਖਿਆ ਦੇਣ ਆਈ ਇੱਕ ਸਿੱਖ ਵਿਦਿਆਰਥਣ ਨੂੰ ਕੜਾ ਰੂਪੀ ਕਕਾਰ ਪਹਿਨ ਕੇ ਪ੍ਰੀਖਿਆ ਕੇਂਦਰ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਦਾ ਸਿੱਖ ਲੜਕੀ ਅਤੇ ਪਰਿਵਾਰ ਨੇ ਵਿਰੋਧ ਕੀਤਾ।
ਪ੍ਰੀਖਿਆਰਥੀ ਸਿੱਖ ਲੜਕੀ ਮਨਸਿਮਰਨ ਕੌਰ ਨੇ ਦੱਸਿਆ ਕਿ ਉਹ ਰੋਪੜ ਤੋਂ ਦਿੱਲੀ ਪਬਲਿਕ ਸਕੂਲ ਵਿਖੇ ਯੂ.ਜੀ.ਸੀ. ਨੈੱਟ ਪ੍ਰੀਖਿਆ ਦੀ ਪ੍ਰੀਖਿਆ ਦੇਣ ਲਈ ਆਈ ਸੀ। ਉਸ ਨੇ ਦੱਸਿਆ ਕਿ ਪ੍ਰੀਖਿਆ ਲਈ ਲੋੜੀਂਦੇ ਕਾਗ਼ਜ਼ਾਤ ਸਮੇਤ ਪੂਰੀ ਤਿਆਰੀ ਨਾਲ ਆਈ ਸੀ। ਉਸ ਨੇ ਕਿਹਾ ਕਿ ਨਿਰਦੇਸ਼ਾਂ ਵਿੱਚ ਅਜਿਹਾ ਕੁਝ ਵੀ ਵਰਨਣ ਨਹੀਂ ਸੀ ਕਿ ਤੁਸੀਂ ਕੜਾ ਪਹਿਨ ਕੇ ਪ੍ਰੀਖਿਆ ਕੇਂਦਰ 'ਚ ਦਾਖਲ ਨਹੀਂ ਕਰ ਸਕਦੇ। ਮਨਸਿਮਰਨ ਨੇ ਕਿਹਾ ਦਾਖਲ ਹੋਣ ਸਮੇਂ ਸੁਰੱਖਿਆ ਮੁਲਾਜ਼ਮਾਂ ਨੇ ਕਿਹਾ ਕਿ ਤੁਸੀਂ ਕੜਾ ਅਤੇ ਹੱਥਾਂ 'ਚ ਪਾਈਆਂ ਅੰਗੂਠਾਈਂ ਆਦਿ ਉਤਾਰ ਦਿਓ।
ਮਨਸਿਮਰਨ ਕੌਰ ਨੇ ਦੱਸਿਆ ਕਿ ਜਦੋਂ ਮੈਂ ਕਿਹਾ ਕਿ ਬਤੌਰ ਸਿੱਖ ਇਹ ਸਾਡਾ ਧਾਰਮਿਕ ਚਿੰਨ੍ਹ ਹੈ ਅਤੇ ਸਾਨੂੰ ਇਸ ਨੂੰ ਪਹਿਨਣ ਦੀ ਇਜਾਜ਼ਤ ਹੈ, ਤਾਂ ਉਸ ਨੂੰ ਸਪੱਸ਼ਟ ਜਵਾਬ ਮਿਲਿਆ ਕਿ ਇਸ ਦੀ ਇਜਾਜ਼ਤ ਸਿਰਫ਼ ਉਨ੍ਹਾਂ ਨੂੰ ਹੈ ਜਿਨ੍ਹਾਂ ਨੇ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਹੈ। ਉਸ ਨੇ ਕਿਹਾ ਕਿ ਸੁਰੱਖਿਆ ਮੁਲਾਜ਼ਮਾਂ ਨੇ ਨਤੀਜਾ ਰੋਕ ਲੈਣ ਆਦਿ ਦੀ ਗੱਲ ਵੀ ਕਹੀ। ਹਾਲਾਂਕਿ ਅਜਿਹਾ ਕੁਝ ਵੀ ਨਹੀਂ ਹੋਇਆ। ਮਨਸਿਮਰਨ ਨੇ ਕਿਹਾ ਕਿ ਅੰਦਰ ਕਿਸੇ ਨੇ ਇਸ ਬਾਰੇ ਧਿਆਨ ਵੀ ਨਹੀਂ ਕੀਤਾ।
ਕਿਸੇ ਹੋਰ ਵਿਦਿਆਰਥੀ ਨੂੰ ਅਜਿਹੀ ਮੁਸ਼ਕਿਲ ਦਾ ਸਾਹਮਣਾ ਕਰਨ ਬਾਰੇ ਪੁੱਛਣ 'ਤੇ ਲੜਕੀ ਨੇ ਕਿਹਾ ਕਿ ਅਜਿਹਾ ਬਹੁਤ ਸਾਰੇ ਪ੍ਰੀਖਿਆਰਥੀਆਂ ਨਾਲ ਹੋਇਆ, ਜਿਨ੍ਹਾਂ ਨੂੰ ਕੜੇ ਉਤਾਰਨੇ ਪਏ। ਮਨਸਿਮਰਨ ਦੇ ਪਿਤਾ ਨੇ ਵੀ ਇਸ ਵਰਤਾਰੇ 'ਤੇ ਬੜਾ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਗਹਿਣਿਆਂ ਨੂੰ ਉਆਤਰਨ ਦਾ ਇਤਰਾਜ਼ ਨਹੀਂ, ਪਰ ਕੜਾ ਉਤਾਰਿਆ ਜਾਣਾ ਉਨ੍ਹਾਂ ਨਾਜਾਇਜ਼ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਕਨੂੰਨ ਵੱਲੋਂ ਧਾਰਮਿਕ ਚਿਨ੍ਹਾਂ ਨੂੰ ਪ੍ਰਵਾਨਗੀ ਮਿਲੀ ਹੋਣ ਦੇ ਬਾਵਜੂਦ ਅਜਿਹਾ ਸਲੂਕ ਮਨੁੱਖੀ ਅਧਿਕਾਰਾਂ ਦਾ ਘਾਣ ਦਾ ਪ੍ਰਗਟਾਵਾ ਕਰਦਾ ਹੈ।
ਮਨਸਿਮਰਨ ਦੇ ਪਿਤਾ ਨੇ ਕਿਹਾ ਕਿ ਇਸ ਬਾਰੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਚਿਨ੍ਹਾਂ 'ਤੇ ਪਾਬੰਦੀ ਮਾਨਸਿਕ ਪਰੇਸ਼ਾਨੀ ਦਾ ਆਧਾਰ ਬਣਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਬਾਰੇ ਕੋਈ ਕਨੂੰਨੀ ਕਾਰਵਾਈ ਕਰਨੀ ਪਈ, ਤਾਂ ਹੱਕ ਹਾਸਲ ਕਰਨ ਲਈ ਉਹ ਇਸ ਵੱਲ੍ਹ ਵੀ ਜ਼ਰੂਰ ਕਦਮ ਚੁੱਕਣਗੇ।
ਅਦਾਲਤੀ ਹੁਕਮਾਂ ਦੇ ਬਾਵਜੂਦ ਧਾਰਮਿਕ ਅਜ਼ਾਦੀ 'ਤੇ ਅਜਿਹੇ ਹਮਲੇ ਸਮਾਜ 'ਚ ਪ੍ਰਵਾਨਯੋਗ ਨਹੀਂ। ਸਮਾਜਿਕ ਸਦਭਾਵਨਾ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਬਿਨਾਂ ਵਿਤਕਰੇ ਸਭ ਵਰਗਾਂ ਨੂੰ ਧਾਰਮਿਕ ਅਜ਼ਾਦੀ ਮਿਲੇ ਅਤੇ ਇਸ ਬਾਰੇ ਕਨੂੰਨੀ ਕਾਰਵਾਈਆਂ ਹਕੀਕੀ ਰੂਪ 'ਚ ਲਾਗੂ ਕੀਤੀਆਂ ਜਾਣ।