
ਸੁਪਰੀਮ ਕੋਰਟ ਨੇ 2012 ਦੇ ਨਿਰਭੈ ਸਮੂਹਕ ਬਲਾਤਕਾਰ ਅਤੇ ਕਤਲਕਾਂਡ ਦੇ ਦੋਸ਼ੀਆਂ ਦੀ ਮੌਤ ਦੀ ਸਜ਼ਾ 'ਤੇ ਤੁਰਤ ਅਮਲ ਕਰਨ ਦੇ ਹੁਕਮ ਦੇਣ ਲਈ ਦਾਇਰ ਅਪੀਲ ਵੀਰਵਾਰ.........
ਨਵੀਂ ਦਿੱਲੀ : ਸੁਪਰੀਮ ਕੋਰਟ ਨੇ 2012 ਦੇ ਨਿਰਭੈ ਸਮੂਹਕ ਬਲਾਤਕਾਰ ਅਤੇ ਕਤਲਕਾਂਡ ਦੇ ਦੋਸ਼ੀਆਂ ਦੀ ਮੌਤ ਦੀ ਸਜ਼ਾ 'ਤੇ ਤੁਰਤ ਅਮਲ ਕਰਨ ਦੇ ਹੁਕਮ ਦੇਣ ਲਈ ਦਾਇਰ ਅਪੀਲ ਵੀਰਵਾਰ ਨੂੰ ਖ਼ਾਰਜ ਕਰ ਦਿਤੀ। ਅਦਾਲਤ ਨੇ ਟਿਪਣੀ ਕੀਤੀ, ''ਤੁਸੀ ਚਾਹੁੰਦੇ ਹੋ ਕਿ ਅਸੀ ਦਿੱਲੀ 'ਚ ਘੁੰਮੀਏ ਅਤੇ ਇਨ੍ਹਾਂ ਲੋਕਾਂ ਨੂੰ ਫਾਂਸੀ ਦੇਈਏ?'' ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਵਕੀਲ ਅਲਖ ਆਲੋਕ ਸ੍ਰੀਵਾਸਤਵ ਦੀ ਜਨਹਿਤ ਅਪੀਲ ਖ਼ਾਰਜ ਕਰਦਿਆਂ ਕਿਹਾ, ''ਇਹ ਕਿਸ ਤਰ੍ਹਾਂ ਦੀ ਅਪੀਲ ਤੁਸੀ ਕਰ ਰਹੇ ਹੋ?
ਤੁਸੀ ਅਦਾਲਤ ਨੂੰ ਹਾਸੋਹੀਣਾ ਬਣਾ ਰਹੇ ਹੋ।'' ਦਖਣੀ ਦਿੱਲੀ 'ਚ 16-17 ਦਸੰਬਰ, 2012 ਦੀ ਰਾਤ ਇਕ ਚਲਦੀ ਬੱਸ 'ਚ ਛੇ ਵਿਅਕਤੀਆਂ ਨੇ 23 ਸਾਲ ਦੀ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਗੰਭੀਰ ਜ਼ਖ਼ਮੀ ਕਰ ਕੇ ਉਸ ਨੂੰ ਬੱਸ ਤੋਂ ਬਾਹਰ ਸੜਕ 'ਤੇ ਸੁੱਟ ਦਿਤਾ ਸੀ। ਇਸ ਵਿਦਿਆਰਥਣ ਦੀ 29 ਦਸੰਬਰ, 2012 ਨੂੰ ਸਿੰਗਾਪੁਰ ਦੇ ਇਕ ਹਸਪਤਾਲ 'ਚ ਮੌਤ ਹੋ ਗਈ ਸੀ। (ਪੀਟੀਆਈ)