
40 ਸਾਲਾ ਵਿਅਕਤੀ ਦੀ ਕਮਰੇ 'ਚੋਂ ਮਿਲੀ ਲਾਸ਼; ਮੁਲਜ਼ਮ ਫਰਾਰ
ਕਿਸ਼ਨਗੜ੍ਹ : ਚੰਡੀਗੜ੍ਹ ਦੇ ਕਿਸ਼ਨਗੜ੍ਹ 'ਚ ਨੇਪਾਲੀ ਮੂਲ ਦੇ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਮੰਗਲਵਾਰ ਦੇਰ ਰਾਤ ਦੀ ਹੈ। ਮ੍ਰਿਤਕ ਦੀ ਪਛਾਣ 40 ਸਾਲਾ ਅੰਬਰ ਬਹਾਦੁਰ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅੰਬਰ ਬਹਾਦੁਰ ਅਤੇ ਉਸ ਦੇ ਰੂਮਮੇਟ ਚੈਤ ਨਰਾਇਣ (52) ਦਾ ਸ਼ਰਾਬ ਦੇ ਨਸ਼ੇ 'ਚ ਝਗੜਾ ਹੋਇਆ ਸੀ ਜੋ ਖ਼ੂਨੀ ਲੜਾਈ 'ਚ ਬਦਲ ਗਿਆ। ਚੈਤ ਨਾਰਾਇਣ ਨੇ ਪ੍ਰੈਸ਼ਰ ਕੁਕਰ ਨਾਲ ਅੰਬਰ 'ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ। ਉਹ ਵੀ ਨੇਪਾਲੀ ਨਾਗਰਿਕ ਹੈ ਅਤੇ ਘਟਨਾ ਤੋਂ ਬਾਅਦ ਫਰਾਰ ਹੈ।
ਪੁਲਿਸ ਮੁਤਾਬਕ ਵਾਰਦਾਤ ਨੂੰ ਦੇਖਦੇ ਹੋਏ ਪਤਾ ਲੱਗਾ ਹੈ ਕਿ ਅੰਬਰ ਬਹਾਦਰ ਦੇ ਸਿਰ 'ਤੇ ਪ੍ਰੈਸ਼ਰ ਕੁਕਰ ਨਾਲ ਕਈ ਵਾਰ ਕੀਤੇ ਗਏ ਸਨ। ਇਸ ਕਾਰਨ ਸਿਰ 'ਤੇ ਗੰਭੀਰ ਸੱਟ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। ਦੋਵੇਂ ਕੇਟਰਿੰਗ ਠੇਕੇਦਾਰ ਬਨੀਰਾਮ ਸ਼ਰਮਾ ਦੇ ਘਰ ਵੇਟਰ ਦਾ ਕੰਮ ਕਰਦੇ ਸਨ। ਸ਼ਰਮਾ ਅਨੁਸਾਰ ਜਦੋਂ ਉਹ ਚੈਤ ਨਰਾਇਣ ਅਤੇ ਅੰਬਰ ਬਹਾਦਰ ਦੇ ਕਮਰੇ ਵਿਚ ਆਏ ਤਾਂ ਦੇਖਿਆ ਕਿ ਦੋਵੇਂ ਸ਼ਰਾਬ ਪੀ ਕੇ ਲੜ ਰਹੇ ਸਨ। ਇਸ ਤੋਂ ਬਾਅਦ ਜਦੋਂ ਉਹ ਸਵੇਰੇ ਦੁਬਾਰਾ ਕਮਰੇ ਵਿਚ ਆਇਆ ਤਾਂ ਦੇਖਿਆ ਕਿ ਅੰਬਰ ਬਹਾਦਰ ਦੀ ਖੂਨ ਨਾਲ ਲੱਥਪੱਥ ਲਾਸ਼ ਉਥੇ ਪਈ ਸੀ ਅਤੇ ਚੈਤ ਨਰਾਇਣ ਫਰਾਰ ਸੀ।
ਪੁਲਿਸ ਨੇ ਲਾਸ਼ ਅਤੇ ਪ੍ਰੈਸ਼ਰ ਕੁਕਰ ਅਤੇ ਹੋਰ ਸਮਾਨ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅੰਬਰ ਬਹਾਦਰ ਨੂੰ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਲੈ ਗਈ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅੰਬਰ ਦੀ ਭੈਣ ਦਿੱਲੀ 'ਚ ਰਹਿੰਦੀ ਹੈ, ਜਿਸ ਨੂੰ ਪੁਲਿਸ ਨੇ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਕਾਗ਼ਜ਼ੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ। ਆਈਟੀ ਪਾਰਕ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।