
ਗਿਰੋਹ ਦੇ ਮੈਂਬਰ ਲੋਕਾਂ ਦੀ ਪਛਾਣ ਬਦਲ ਕੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ’ਚ ਸ਼ਾਮਲ ਸਨ
ਨਵੀਂ ਦਿੱਲੀ : 29 ਸਾਲ ਦੇ ਦਿੱਲੀ ਵਾਸੀ ਨੂੰ ਇਕ ਨੌਜੁਆਨ ਜੋੜੇ ਨੂੰ ਸੀਨੀਅਰ ਨਾਗਰਿਕ ਦੱਸ ਕੇ ਉਨ੍ਹਾਂ ਨੂੰ ਕੈਨੇਡਾ ਭੇਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ’ਤੇ ਜਾਅਲੀ ਪਾਸਪੋਰਟ ਅਤੇ ਵੀਜ਼ਾ ਰੈਕੇਟ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜੁਆਨ ਦੀ ਪਛਾਣ ਭੁਪਿੰਦਰ ਸਿੰਘ ਉਰਫ ਵਿੱਕੀ ਨਾਗਰਾ ਵਜੋਂ ਹੋਈ ਹੈ ਅਤੇ ਉਸ ਦੇ ਚਾਰ ਸਾਥੀਆਂ ਨੂੰ ਜੂਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਡਿਪਟੀ ਕਮਿਸ਼ਨਰ (ਆਈ.ਜੀ.ਆਈ. ਹਵਾਈ ਅੱਡਾ) ਊਸ਼ਾ ਰੰਗਨਾਨੀ ਨੇ ਕਿਹਾ ਕਿ ਮੁਲਜ਼ਮ ਦੀ ਗ੍ਰਿਫਤਾਰੀ ਪਾਸਪੋਰਟ ਅਤੇ ਵੀਜ਼ਾ ਘਪਲੇ ਦੀ ਚੱਲ ਰਹੀ ਜਾਂਚ ਦਾ ਨਤੀਜਾ ਹੈ। ਗਿਰੋਹ ਦੇ ਮੈਂਬਰ ਲੋਕਾਂ ਦੀ ਪਛਾਣ ਬਦਲ ਕੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ’ਚ ਵੀ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਗੁਰਸੇਵਕ ਸਿੰਘ ਨੂੰ ਜੂਨ ਵਿਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਸ ਸਮੇਂ ਫੜਿਆ ਗਿਆ ਸੀ ਜਦੋਂ ਉਹ ਕੈਨੇਡਾ ਜਾਣ ਲਈ ਉਡਾਣ ਭਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਕ ਹੋਰ ਅਧਿਕਾਰੀ ਨੇ ਦਸਿਆ ਕਿ ਗੁਰਸੇਵਕ ਸਿੰਘ 67 ਸਾਲ ਦੇ ਵਿਅਕਤੀ ਰਸ਼ਵਿੰਦਰ ਸਿੰਘ ਦੇ ਨਾਂ ’ਤੇ ਜਾਰੀ ਪਾਸਪੋਰਟ ਲੈ ਕੇ ਸਫ਼ਰ ਕਰ ਰਿਹਾ ਸੀ। ਅਧਿਕਾਰੀ ਨੇ ਦਸਿਆ ਕਿ ਗੁਰਸੇਵਕ ਸਿੰਘ ਦੀ ਦਿੱਖ, ਫੋਟੋ ਅਤੇ ਪਾਸਪੋਰਟ ਦੇ ਹੋਰ ਵੇਰਵਿਆਂ ਖਾਸ ਕਰ ਕੇ ਉਸ ਦੀ ਉਮਰ ਅਤੇ ਸਰੀਰਕ ਵਿਸ਼ੇਸ਼ਤਾਵਾਂ ਵਿਚ ਅੰਤਰ ਪਾਏ ਜਾਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛ-ਪੜਤਾਲ ਦੌਰਾਨ ਗੁਰਸੇਵਕ ਸਿੰਘ ਨੇ ਪ੍ਰਗਟਾਵਾ ਕੀਤਾ ਕਿ ਉਹ 24 ਸਾਲ ਦਾ ਹੈ ਅਤੇ ਲਖਨਊ ਦਾ ਰਹਿਣ ਵਾਲਾ ਹੈ। ਜਾਂਚ ਵਿਚ ਇਹ ਵੀ ਪ੍ਰਗਟਾਵਾ ਹੋਇਆ ਸੀ ਕਿ ਗੁਰਸੇਵਕ ਸਿੰਘ ਨੇ ਅਪਣੀ ਪਤਨੀ ਅਰਚਨਾ ਕੌਰ ਨਾਲ ਮਿਲ ਕੇ ਇਕ ਏਜੰਟ ਜਗਜੀਤ ਸਿੰਘ ਉਰਫ ਜੱਗੀ ਨੂੰ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਲਈ ਜਾਅਲੀ ਪਾਸਪੋਰਟ ਅਤੇ ਯਾਤਰਾ ਦਸਤਾਵੇਜ਼ਾਂ ਦਾ ਪ੍ਰਬੰਧ ਕਰਨ ਲਈ 30 ਲੱਖ ਰੁਪਏ ਦਿਤੇ ਸਨ। ਜਾਅਲੀ ਪਾਸਪੋਰਟ ਹਾਸਲ ਕਰਨ ਤੋਂ ਇਲਾਵਾ, ਗੁਰਸੇਵਕ ਸਿੰਘ ਅਤੇ ਉਸ ਦੀ ਪਤਨੀ ਨੇ ਕੈਨੇਡਾ ਲਈ ਉਡਾਣ ਦੀਆਂ ਟਿਕਟਾਂ ਵੀ ਖਰੀਦੀਆਂ ਸਨ।
ਅਧਿਕਾਰੀ ਨੇ ਦਸਿਆ ਕਿ ਗਿਰੋਹ ’ਚ ਜੱਗੀ ਅਤੇ ਉਸ ਦੇ ਸਾਥੀਆਂ ਸਮੇਤ ਕਈ ਲੋਕ ਸ਼ਾਮਲ ਸਨ, ਜਿਨ੍ਹਾਂ ਨੇ ਧੋਖਾਧੜੀ ਦੇ ਕੰਮ ’ਚ ਮਦਦ ਕੀਤੀ। ਜੱਗੀ ਨੂੰ ਪਹਿਲਾਂ ਤਿੰਨ ਹੋਰ ਏਜੰਟਾਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਅਰਚਨਾ ਨੂੰ ਜਹਾਜ਼ ’ਚ ਚੜ੍ਹਨ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਸੀ।