
ਭਾਰਤ 35ਵੇਂ, ਬਰਤਾਨੀਆਂ ਪਹਿਲੇ ਸਥਾਨ ’ਤੇ
National News: ਦਾਵੋਸ : ਭਵਿੱਖ ਦੀਆਂ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਬਿਹਤਰੀਨ ਦੇਸ਼ਾਂ ਦੀ ਕੌਮਾਂਤਰੀ ਸੂਚੀ ’ਚ ਭਾਰਤ ਨੂੰ 35ਵਾਂ ਸਥਾਨ ਦਿਤਾ ਗਿਆ ਹੈ, ਜਦਕਿ ਬਰਤਾਨੀਆਂ ਸੂਚੀ ’ਚ ਸੱਭ ਤੋਂ ਉੱਪਰ ਹੈ। ਨਿਊਜ਼ਵੀਕ ਵੈਂਟੇਜ ਐਂਡ ਹੋਰਿਜ਼ਨ ਗਰੁੱਪ ਨੇ ਸੋਮਵਾਰ ਨੂੰ ਵਿਸ਼ਵ ਆਰਥਕ ਮੰਚ (ਡਬਲਯੂ.ਈ.ਐਫ.) ਦੀ ਸਾਲਾਨਾ ਬੈਠਕ ਤੋਂ ਇਲਾਵਾ ਫਿਊਚਰ ਪਾਸੀਬਿਲਟੀਜ਼ ਇੰਡੈਕਸ (ਐਫ.ਪੀ.ਆਈ.) ਜਾਰੀ ਕੀਤਾ।
ਬਰਤਾਨੀਆਂ ਤੋਂ ਬਾਅਦ ਡੈਨਮਾਰਕ, ਅਮਰੀਕਾ, ਨੀਦਰਲੈਂਡ ਅਤੇ ਜਰਮਨੀ ਚੋਟੀ ਦੇ ਪੰਜ ਦੇਸ਼ਾਂ ਵਿਚ ਸ਼ਾਮਲ ਹਨ। ਪ੍ਰਮੁੱਖ ਉੱਭਰ ਰਹੇ ਬਾਜ਼ਾਰਾਂ ’ਚ ਚੀਨ ਇਸ ਸਾਲ 19ਵੇਂ ਸਥਾਨ ’ਤੇ ਹੈ। ਬ੍ਰਾਜ਼ੀਲ 30ਵੇਂ, ਭਾਰਤ 35ਵੇਂ ਅਤੇ ਦਖਣੀ ਅਫਰੀਕਾ 50ਵੇਂ ਸਥਾਨ ’ਤੇ ਹੈ। ਅਧਿਐਨ ਨੇ ਉਨ੍ਹਾਂ ਕਾਰਕਾਂ ਦੀ ਤੁਲਨਾ ਕੀਤੀ ਜੋ ਸਰਕਾਰਾਂ, ਨਿਵੇਸ਼ਕਾਂ ਅਤੇ ਹੋਰ ਨਿੱਜੀ ਖੇਤਰ ਦੇ ਹਿੱਸੇਦਾਰਾਂ ਨੂੰ 70 ਦੇਸ਼ਾਂ ’ਚ ਵਿਕਾਸ ਅਤੇ ਤੰਦਰੁਸਤੀ ਲਈ ਛੇ ਵਿਸ਼ਵਵਿਆਪੀ ਪਰਿਵਰਤਨਕਾਰੀ ਰੁਝਾਨਾਂ ਦਾ ਲਾਭ ਲੈਣ ’ਚ ਸਹਾਇਤਾ ਕਰਨਗੇ।
ਐਕਸਾਬਾਈਟ ਆਰਥਕਤਾ (ਉੱਨਤ ਡਿਜੀਟਲ ਤਕਨਾਲੋਜੀਆਂ), ਤੰਦਰੁਸਤੀ ਆਰਥਕਤਾ, ਨੈੱਟ ਜ਼ੀਰੋ ਆਰਥਕਤਾ (ਕਾਰਬਨ ਨਿਕਾਸ ’ਚ ਕਮੀ), ਸਰਕੂਲਰ ਆਰਥਕਤਾ (ਰੀਸਾਈਕਲਿੰਗ ਅਤੇ ਦੁਬਾਰਾ ਵਰਤੋਂ), ਬਾਇਓਗ੍ਰੋਥ ਆਰਥਕਤਾ (ਭੋਜਨ ਅਤੇ ਖੇਤੀਬਾੜੀ ਨਵੀਨਤਾ) ਅਤੇ ਅਨੁਭਵ ਆਰਥਕਤਾ (ਪਦਾਰਥਕ ਵਸਤੂਆਂ ਦੀ ਬਜਾਏ ਤਜ਼ਰਬਿਆਂ ਦੀ ਖਪਤ) ਛੇ ਵਿਸ਼ਵਵਿਆਪੀ ਪਰਿਵਰਤਨਕਾਰੀ ਰੁਝਾਨ ਹਨ।
ਅਧਿਐਨ ਵਿਚ ਕਿਹਾ ਗਿਆ ਹੈ ਕਿ ਸਾਰੇ ਛੇ ਰੁਝਾਨਾਂ ਨੇ ਮਿਲ ਕੇ 2030 ਤਕ 44,000 ਅਰਬ ਡਾਲਰ ਤੋਂ ਵੱਧ ਦੀ ਵਪਾਰ ਸਮਰੱਥਾ ਦਾ ਅਨੁਮਾਨ ਲਗਾਇਆ ਹੈ, ਜੋ 2023 ਵਿਚ ਗਲੋਬਲ ਜੀ.ਡੀ.ਪੀ. ਦਾ 40 ਫ਼ੀ ਸਦੀ ਤੋਂ ਵੱਧ ਹੈ। ਅਧਿਐਨ ’ਚ ਮਾਨਤਾ ਪ੍ਰਾਪਤ ਕੌਮਾਂਤਰੀ ਸੰਗਠਨਾਂ ਦੇ ਅੰਕੜਿਆਂ ਦੇ ਨਾਲ-ਨਾਲ ਫਰੈਨਾਸਿਸ ਪਾਰਟਨਰਜ਼ ਵਲੋਂ ਪ੍ਰਾਜੈਕਟ ਲਈ ਕੀਤੇ ਗਏ 5,000 ਕਾਰੋਬਾਰੀ ਅਧਿਕਾਰੀਆਂ ਦੇ ਸਰਵੇਖਣ ਦੀ ਵਰਤੋਂ ਕੀਤੀ ਗਈ।
ਰੀਪੋਰਟ ਮੁਤਾਬਕ ਇਨ੍ਹਾਂ ਮੌਕਿਆਂ ਨਾਲ ਆਰਥਕ ਵਿਕਾਸ ਅਤੇ ਵਿਆਪਕ ਸਮਾਜਕ ਭਲਾਈ ਦੇ ਮਾਮਲੇ ’ਚ ਗਲੋਬਲ ਸਾਊਥ ਨਾਲੋਂ ਗਲੋਬਲ ਨਾਰਥ ਨੂੰ ਜ਼ਿਆਦਾ ਫਾਇਦਾ ਹੋਣ ਦੀ ਸੰਭਾਵਨਾ ਹੈ, ਜਿਸ ਲਈ ਇਕ ਮਜ਼ਬੂਤ ਉਦਯੋਗ ਆਧਾਰ ਦੀ ਜ਼ਰੂਰਤ ਹੈ। ਕੌਮਾਂਤਰੀ ਵਿਕਾਸ ਭਾਈਚਾਰੇ ਨੂੰ ਸਬੰਧਤ ਉਦਯੋਗਾਂ ਨੂੰ ਮਜ਼ਬੂਤ ਕਰ ਕੇ ਵਿਕਾਸਸ਼ੀਲ ਦੇਸ਼ਾਂ ਨੂੰ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਉਠਾਉਣ ’ਚ ਮਦਦ ਕਰਨੀ ਚਾਹੀਦੀ ਹੈ।