
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ਼. ਜਵਾਨਾਂ 'ਤੇ ਅਤਿਵਾਦੀ ਹਮਲੇ ਨੂੰ ਘ੍ਰਿਣਤ ਅਤੇ.....
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ਼. ਜਵਾਨਾਂ 'ਤੇ ਅਤਿਵਾਦੀ ਹਮਲੇ ਨੂੰ ਘ੍ਰਿਣਤ ਅਤੇ ਨਿੰਦਣਯੋਗ ਕਾਰਾ ਦਸਦਿਆਂ ਕਿਹਾ ਕਿ ਸਾਡੇ ਬਹਾਦਰ ਸੁਰੱਖਿਆ ਮੁਲਾਜ਼ਮਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਪ੍ਰਧਾਨ ਮੰਤਰੀ ਨੇ ਅਪਣੀ ਟਵੀਟ 'ਚ ਕਿਹਾ, ''ਸੀ.ਆਰ.ਪੀ.ਐਫ਼. ਮੁਲਾਜ਼ਮਾਂ 'ਤੇ ਹਮਲਾ ਘ੍ਰਿਣਤ ਕਾਰਾ ਹੈ। ਮੈਂ ਇਸ ਡਰਪੋਕਾਂ ਵਾਲੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਸਾਡੇ ਬਹਾਦੁਰ ਸੁਰੱਖਿਆ ਮੁਲਾਜ਼ਮਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ।'' ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਬਹਾਦਰ ਸ਼ਹੀਦਾਂ ਦੇ ਪ੍ਰਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਘਟਨਾ 'ਚ ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਉਮੀਦ ਕਰਦੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਇਸ ਅਤਿਵਾਦੀ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤਿਵਾਦੀ ਅਤੇ ਬੁਰੀਆਂ ਤਾਕਤਾਂ ਵਿਰੁਧ ਲੜਾਈ 'ਚ ਇਕਜੁਟ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰਦਿਆਂ ਕਿਹਾ, ''ਮੈਂ ਜੰਮੂ-ਕਸ਼ਮੀਰ 'ਚ ਸੀ.ਆਰ.ਪੀ.ਐਫ਼. ਦੇ ਕਾਫ਼ਲੇ 'ਤੇ ਹੋਏ ਹਮਲੇ ਤੋਂ ਬਹੁਤ ਦੁਖੀ ਹਾਂ। ਸਾਡੇ ਸ਼ਹੀਦ ਜਵਾਨਾਂ ਦੇ ਪ੍ਰਵਾਰਾਂ ਪ੍ਰਤੀ ਦੁੱਖ ਪ੍ਰਗਟ ਕਰਦਾ ਹਾਂ। ਮੈਂ ਜ਼ਖ਼ਮੀ ਜਵਾਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਅਰਦਾਸ ਕਰਦਾ ਹਾਂ।''
ਜੰਮੁ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਅਤੇ ਮਹਿਬੁਬਾ ਮੁਫ਼ਤੀ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਅਬਦੁੱਲਾ ਨੇ ਟਵੀਟ 'ਚ ਕਿਹਾ, ''ਵਾਦੀ ਤੋਂ ਭਿਆਨਕ ਖ਼ਬਰ ਆ ਰਹੀ ਹੈ। ਮੈਂ ਇਸ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ।'' ਮਹਿਬੂਬਾ ਨੇ ਟਵੀਟ ਕਰ ਕੇ ਕਿਹਾ, ''ਅਵੰਤੀਪੁਰਾ ਤੋਂ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਇਸ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਇਸ ਪਾਗਲਪਨ ਨਾਲ ਕਿੰਨੀਆਂ ਜਾਨਾਂ ਚਲੀਆਂ ਜਾਣਗੀਆਂ?'' ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ, ''ਪੁਲਵਾਮਾ 'ਚ ਸਾਡੇ ਫ਼ੌਜੀਆਂ 'ਤੇ ਅਤਿਵਾਦੀ ਹਮਲੇ ਦੇ ਦੁੱਖ ਨੂੰ ਸ਼ਬਦਾਂ 'ਚ ਬਿਆਲ ਨਹੀਂ ਕਰ ਸਕਦਾ।
ਇਹ ਡਰਪੋਕਾਂ ਦਾ ਕਾਰਾ ਹੈ। ਸੁਰੱਖਿਆ ਬਲ ਅਜਿਹੇ ਅਤਿਵਾਦੀ ਕਾਰਿਆਂ ਵਿਰੁਧ ਸਖ਼ਤ ਰਹਿਣਗੇ ਅਤੇ ਉਨ੍ਹਾਂ ਨੂੰ ਹਰਾਉਣਗੇ।'' ਭਾਜਪਾ ਦੇ ਕੌਮੀ ਬੁਲਾਰੇ ਸਈਅਦ ਸ਼ਾਹਨਵਾਜ਼ ਹੁਸੈਨ ਨੇ ਕਿਹਾ, ''ਇਸ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਇਸ 'ਤੇ ਚੈਨ ਨਾਲ ਨਹੀਂ ਬੈਠਾਂਗੇ। ਅਤਿਵਾਦ ਅਤੇ ਅਤਿਵਾਦੀਆਂ ਵਿਰੁਧ ਲੜਾਈ ਹੋਰ ਸਖ਼ਤ ਹੋਵੇਗੀ।'' ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਵੀ ਕਿਹਾ ਕਿ ਅਤਿਵਾਦੀਆਂ ਨੂੰ ਅਪਣੇ ਇਸ ਘਿਨਾਉਣੇ ਕਾਰੇ ਲਈ ਕਦੀ ਨਾ ਭੁੱਲਣ ਵਾਲਾ ਸਬਕ ਸਿਖਾਇਆ ਜਾਵੇਗਾ। ਮੁੱਖ ਧਾਰਾ ਦੇ ਕਈ ਹੋਰ ਸਿਆਸਤਦਾਨਾਂ ਨੇ ਵੀ ਸੋਸ਼ਲ ਮੀਡੀਆ 'ਤੇ ਇਸ ਹਮਲੇ ਦੀ ਨਿੰਦਾ ਕੀਤੀ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਵੀ ਇਸ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। (ਪੀਟੀਆਈ)