
ਕਿਹਾ, ਸਾਡੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਉਣਾ ਕੋਈ ਅਪਰਾਧ ਨਹੀਂ ਹੈ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਦਰਮਿਆਨ ਦਿੱਲੀ ਪੁਲਿਸ ਵਲੋਂ ਕਿਸਾਨਾਂ ਦੇ ਹੱਕ ਵਿਚ ਖੜਣ ਵਾਲੀਆਂ ਸ਼ਖਸੀਅਤਾਂ 'ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਦਿੱਲੀ ਪੁਲਿਸ ਵਲੋਂ 'ਟੂਲਕਿੱਟ' ਮਾਮਲੇ ਦੀ ਜਾਂਚ ਤਹਿਤ 21 ਸਾਲਾ ਵਾਤਾਵਰਣ ਪ੍ਰੇਮੀ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਲੈ ਕੇ ਵੱਖ-ਵੱਖ ਆਗੂਆਂ ਵਲੋਂ ਪ੍ਰਤੀਕਰਮ ਆ ਰਹੇ ਹਨ।
CM Dehli Kejriwal
ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਗ੍ਰਿਫਤਾਰੀ 'ਤੇ ਸਵਾਲ ਉਠਾਉਂਦਿਆਂ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ। ਇਸ ਸਬੰਧੀ ਸੋਮਵਾਰ ਨੂੰ ਜਾਰੀ ਕੀਤੇ ਟਵੀਟ ਵਿਚ ਮੁੱਖ ਮੰਤਰੀ ਨੇ ਲਿਖਿਆ ''21 ਸਾਲਾ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ 'ਤੇ ਵੱਡਾ ਹਮਲਾ ਹੈ। ਸਾਡੇ ਕਿਸਾਨਾਂ ਦਾ ਸਮਰਥਨ ਕਰਨਾ ਕੋਈ ਅਪਰਾਧ ਨਹੀਂ ਹੈ। ਬੈਂਗਲੁਰੂ ਤੋਂ ਗ੍ਰਿਫ਼ਤਾਰ ਹੋਈ ਦਿਸ਼ਾ ਰਵੀ ਫ਼ਿਲਹਾਲ ਨਿਆਇਕ ਹਿਰਾਸਤ 'ਚ ਹੈ।''
Arrest of 21 yr old Disha Ravi is an unprecedented attack on Democracy. Supporting our farmers is not a crime.
— Arvind Kejriwal (@ArvindKejriwal) February 15, 2021
ਕਾਬਲੇਗੌਰ ਹੈ ਕਿ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਤਵਾਰ ਨੂੰ ਦਿੱਲੀ ਪੁਲਸ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ ਸੀ। ਪੁਲਿਸ ਮੁਤਾਬਕ ਇਸ ਟੂਲਕਿੱਟ ਮਾਮਲੇ ਰਾਹੀਂ ਭਾਰਤ 'ਚ ਖ਼ਾਲਿਸਤਾਨੀ ਗਤੀਵਿਧੀਆਂ ਨੂੰ ਫਿਰ ਤੋਂ ਜਿਊਂਦੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦਿਸ਼ਾ ਦੇ ਖ਼ਾਲਿਸਤਾਨੀ ਸਮਰਥਕ ਪਾਈਟਿਕ ਜਸਟਿਸ ਫਾਊਂਡੇਸ਼ਨ ਨਾਲ ਦੇਸ਼-ਵਿਰੋਧੀ ਪ੍ਰਚਾਰ ਕਰਨ ਦੀ ਜਾਣਕਾਰੀ ਮਿਲੀ ਸੀ।
disha Ravi
ਇਸ ਕਾਰਨ ਦਿਸ਼ਾ ਨੇ ਟੂਲਕਿੱਟ ਦਾ ਗੂਗਲ ਡਾਕਿਊਮੈਂਟ ਬਣਾਇਆ ਅਤੇ ਉਸ ਨੂੰ ਵਾਇਰਲ ਕੀਤਾ। ਦੂਜੇ ਪਾਸੇ ਦਿਸ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟੂਲਕਿੱਟ ਦੀਆਂ 2 ਲਾਈਨਾਂ ਨੂੰ ਹੀ ਐਡਿਟ ਕੀਤਾ ਹੈ, ਜਦੋਂ ਕਿ ਪੁਲਿਸ ਦਾ ਮੰਨਣਾ ਹੈ ਕਿ ਕਈ ਵਾਰ ਇਸ ਨੂੰ ਐਡਿਟ ਕੀਤਾ ਗਿਆ। ਇਸੇ ਦੌਰਾਨ ਸੱਤਾਧਾਰੀ ਧਿਰ ਦੇ ਕੁੱਝ ਆਗੂ ਵੀ ਪੁਲਿਸ ਕਾਰਵਾਈ ਦੇ ਹੱਕ ਵਿਚ ਨਿਤਰ ਆਏ ਹਨ।
Anil Vij
ਹਰਿਆਣਾ ’ਚ ਭਾਜਪਾ ਸਰਕਾਰ ’ਚ ਸਿਹਤ ਮੰਤਰੀ ਅਨਿਲ ਵਿਜ ਨੇ ਦਿਸ਼ਾ ਰਵੀ ਮਾਮਲੇ ਵਿਚ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ, ਉਸ ਦਾ ਨਾਸ਼ ਕਰ ਦੇਣਾ ਚਾਹੀਦਾ ਹੈ। ਵਿਜ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਵਿਰੋਧ ਦਾ ਬੀਜ ਜਿਸ ਦੇ ਵੀ ਦਿਮਾਗ ਵਿਚ ਹੋਵੇ, ਉਸ ਦਾ ਨਾਸ਼ ਕਰ ਦੇਣਾ ਚਾਹੀਦਾ ਹੈ, ਫਿਰ ਚਾਹੇ ਉਹ ਦਿਸ਼ਾ ਰਵੀ ਹੋਵੇ ਜਾਂ ਕੋਈ ਹੋਰ।