
ਅਰਵਿੰਦ ਕੇਜਰੀਵਾਲ ਲਾਪਤਾ ਕਿਸਾਨਾਂ ਦੀ ਸੂਚੀ ਜਾਰੀ ਕੀਤੀ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਐਲ਼ਾਨ ਕੀਤਾ ਕਿ ਦਿੱਲੀ ਸਰਕਾਰ 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਲਾਪਤਾ ਹੋਏ ਕਿਸਾਨਾਂ ਦਾ ਪਤਾ ਲਗਾਵੇਗੀ।
Arvind Kejriwal
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘ਸਾਨੂੰ ਸੂਚਨਾ ਮਿਲੀ ਕਿ ਦਿੱਲੀ ਕਿਸਾਨ ਅੰਦੋਲਨ ਮੌਕੇ ਹੋਈ ਟਰੈਕਟਰ ਪਰੇਡ ਵਿਚ ਜੋ ਲੋਕ ਹਿੱਸਾ ਲੈਣ ਆਏ ਸੀ, ਉਹ ਹਾਲੇ ਤੱਕ ਘਰ ਨਹੀਂ ਪਹੁੰਚੇ। ਦਿੱਲੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਜਿਨ੍ਹਾਂ ਲੋਕਾਂ ਨੂੰ ਕਿਸਾਨ ਅੰਦੋਲਨ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹਨਾਂ ਦੀ ਕੱਲ੍ਹ ਇਕ ਸੂਚੀ ਬਣਾਈ ਗਈ ਹੈ। ਇਸ ਲਿਸਟ ਨੂੰ ਅਸੀਂ ਜਨਤਕ ਸੂਚਨਾ ਲਈ ਜਾਰੀ ਕਰ ਰਹੇ ਹਾਂ’।
Tractor prade
ਉਹਨਾਂ ਕਿਹਾ ਇਹ ਸਾਰੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲਾਪਤਾ ਹੋਏ ਲੋਕਾਂ ਨੂੰ ਲੱਭਣ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ। ਕੇਜਰੀਵਾਲ ਨੇ ਅੱਗੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਦੇ ਲੋਕਾਂ ਨੇ ਸਰਕਾਰ ਅਤੇ ਮੇਰੇ ਨਾਲ ਨਿੱਜੀ ਤੌਰ ‘ਤੇ ਸੰਪਰਕ ਕੀਤਾ ਹੈ। ਕੱਲ੍ਹ ਕਿਸਾਨ ਜਥੇਬੰਦੀਆਂ ਦੇ ਲੋਕ ਮੈਨੂੰ ਮਿਲਣ ਲਈ ਵੀ ਆਏ ਸਨ।
Arvind Kejriwal
ਅਜਿਹੇ 115 ਲੋਕਾਂ ਦੀ ਸੂਚੀ ਹੈ ਜੋ ਦਿੱਲੀ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ ਇਹਨਾਂ ਲੋਕਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜੋ ਲੋਕ ਲਾਪਤਾ ਹਨ, ਉਹਨਾਂ ਦੇ ਪਰਿਵਾਰਕ ਮੈਂਬਰ ਇਹ ਸੂਚੀ ਦੇਖ ਸਕਦੇ ਹਨ। ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਹੈ ਕਿ ਨੌਜਵਾਨਾਂ ਦਾ ਪਤਾ ਲਗਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਲੋੜ ਪਈ ਤਾਂ ਅਸੀਂ ਐਲਜੀ ਕੋਲੋਂ ਵੀ ਮਦਦ ਲਵਾਂਗੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਵੀ ਗੱਲ਼ ਕਰਾਂਗੇ।