
ਹਰੇਕ ਡਿਪੂ ਵਿੱਚ 15 ਤੋਂ 20 ਬੱਸਾਂ ਖੜ੍ਹੀਆਂ ਹਨ
ਚੰਡੀਗੜ੍ਹ : ਸੂਬੇ ਵਿੱਚ ਰੋਡਵੇਜ਼ ਦੀਆਂ ਬੱਸਾਂ ਵਾਂਗ ਟਰਾਂਸਪੋਰਟ ਵਿਭਾਗ ਦੀ ਵੀ ਖਸਤਾ ਹਾਲਤ ਹੈ। ਪਿਛਲੀ ਸਰਕਾਰ ਵੇਲੇ ਪਨਬੱਸ ਵਿੱਚ 587 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਰੋਡਵੇਜ਼ ਕੋਲ ਨਾ ਤਾਂ ਡਰਾਈਵਰ ਹਨ ਅਤੇ ਨਾ ਹੀ ਕੰਡਕਟਰ ਹਨ। ਹਾਲਤ ਇਹ ਹੈ ਕਿ ਨਵੀਆਂ ਬੱਸਾਂ ਤੋਂ ਲੈ ਕੇ ਪੁਰਾਣੀਆਂ ਬੱਸਾਂ ਵੀ ਰੋਡਵੇਜ਼ ਦੇ ਸ਼ੈੱਡਾਂ ਵਿੱਚ ਹੀ ਖੜ੍ਹੀਆਂ ਰਹਿੰਦੀਆਂ ਹਨ।
PRTC
ਇਨ੍ਹਾਂ ਬੱਸਾਂ ਨੂੰ ਸਿਰਫ਼ ਰੋਟੇਸ਼ਨ 'ਤੇ ਹੀ ਚਲਾਇਆ ਜਾ ਰਿਹਾ ਹੈ ਤਾਂ ਜੋ ਬੱਸਾਂ ਵਿੱਚ ਕੋਈ ਤਕਨੀਕੀ ਨੁਕਸ ਨਾ ਆਵੇ, ਜਦੋਂਕਿ ਹਰ ਡਿਪੂ ਵਿੱਚ ਰੋਜ਼ਾਨਾ 15 ਤੋਂ 20 ਬੱਸਾਂ ਖੜ੍ਹੀਆਂ ਹੁੰਦੀਆਂ ਹਨ। ਜਿਸ ਕਾਰਨ ਰੋਡਵੇਜ਼ ਨੂੰ ਮਾਲੀ ਨੁਕਸਾਨ ਹੋ ਰਿਹਾ ਹੈ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸਾਂ ਨੂੰ ਚਲਾਉਣ ਲਈ ਟਰਾਂਸਪੋਰਟ ਵਿਭਾਗ ਕੋਲ ਕਰੀਬ 900 ਡਰਾਈਵਰਾਂ ਅਤੇ 600 ਤੋਂ ਵੱਧ ਕੰਡਕਟਰਾਂ ਦੀ ਘਾਟ ਹੈ। ਲੰਬੇ ਸਮੇਂ ਤੋਂ ਯੂਨੀਅਨਾਂ ਨਵੇਂ ਮੁਲਾਜ਼ਮ ਭਰਤੀ ਕਰਨ ਲਈ ਸੰਘਰਸ਼ ਕਰ ਰਹੀਆਂ ਹਨ ਪਰ ਡਰਾਈਵਰ ਅਤੇ ਕੰਡਕਟਰਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ।
PRTC
ਹੁਣ ਸਰਕਾਰ ਵੱਲੋਂ ਨਵੇਂ ਮੁਲਾਜ਼ਮਾਂ ਨੂੰ ਪਨਬੱਸ ਵਿੱਚ ਸ਼ਾਮਲ ਕਰਨ ਦੀ ਵੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਪਿਛਲੀਆਂ ਸਰਕਾਰਾਂ ਦੇ ਸਮੇਂ ਜਿਨ੍ਹਾਂ ਮੁਲਾਜ਼ਮਾਂ 'ਤੇ ਕੰਡੀਸ਼ਨ ਰਿਪੋਰਟਾਂ ਲਗਾ ਕੇ ਵਿਭਾਗ ਤੋਂ ਬਾਹਰ ਕਰ ਦਿੱਤਾ ਗਿਆ ਸੀ, ਹੁਣ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਯੋਜਨਾ ਬਣਾਉਂਦੇ ਸਮੇਂ ਸਾਰੇ ਡਿਪੂਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਰਿਪੋਰਟ ਹਲਕੀ ਹੈ ਅਤੇ ਗੰਭੀਰ ਦੋਸ਼ ਨਹੀਂ ਹਨ, ਉਨ੍ਹਾਂ ਨੂੰ ਜੁਆਇਨ ਕੀਤਾ ਜਾਵੇ। ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਵਿਭਾਗ ਵਿੱਚ ਨਵੇਂ ਡਰਾਈਵਰਾਂ ਅਤੇ ਕੰਡਕਟਰਾਂ ਦੀ ਕਮੀ ਨੂੰ ਜਲਦੀ ਹੀ ਦੂਰ ਕਰ ਦਿੱਤਾ ਜਾਵੇਗਾ।
ਪੁਰਾਣੀਆਂ ਸਰਕਾਰਾਂ ਨੇ ਰੋਡਵੇਜ਼ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ, ਹੁਣ ਇਸ ਨੂੰ ਲੈਅ ਵਿਚ ਲਿਆਉਣ ਵਿਚ ਥੋੜ੍ਹਾ ਸਮਾਂ ਲੱਗ ਰਿਹਾ ਹੈ। ਠੇਕਾ ਮੁਲਾਜ਼ਮਾਂ ਨੂੰ ‘ਆਪ’ ਤੋਂ ਉਮੀਦਾਂ ਸਨ ਪਰ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ। ਰੋਡਵੇਜ਼ ਵਿੱਚ ਪੱਕੀ ਭਰਤੀ ਤਹਿਤ ਨਵੇਂ ਕੰਡਕਟਰਾਂ ਅਤੇ ਡਰਾਈਵਰਾਂ ਨੂੰ ਸ਼ਾਮਲ ਕਰਕੇ ਬੱਸਾਂ ਸ਼ੁਰੂ ਕੀਤੀਆਂ ਜਾਣ। ਜੇਕਰ ਸਰਕਾਰ ਨੇ ਰੋਡਵੇਜ਼ ਵਿੱਚ ਦੁਬਾਰਾ ਠੇਕੇ ’ਤੇ ਭਰਤੀ ਕੀਤੀ ਤਾਂ ਉਹ ਇਸ ਦਾ ਵਿਰੋਧ ਕਰਨਗੇ।