
4 ਜੂਨ ਨੂੰ ਸਾਡੀ ਪਾਰਟੀ ਸਿਆਸੀ ਸ਼ਕਤੀ ਬਣ ਕੇ ਉੱਭਰੇਗੀ
Arvind Kejriwal: ਨਵੀਂ ਦਿੱਲੀ - ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ ਵਿਚ ਬੰਦ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਉਹਨਾਂ ਦੇ ਨਾਲ ਸੰਦੀਪ ਪਾਠਕ ਵੀ ਮੌਜੂਦ ਸਨ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਕੇਜਰੀਵਾਲ ਜੀ ਨਾਲ ਗੱਲ ਸ਼ੀਸੇ ਦੇ ਆਰ-ਪਾਰ ਫੋਨ 'ਤੇ ਕਰਵਾਈ ਗਈ ਤੇ ਸ਼ੀਸ਼ਾ ਵੀ ਇੰਨਾ ਕੁ ਗੰਦਾ ਸੀ ਕਿ ਉਹ ਕੇਜਰੀਵਾਲ ਜੀ ਦੀ ਸ਼ਕਲ ਵੀ ਨਹੀਂ ਦੇਖ ਪਾਏ।
ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਮੀਡੀਆ ਨੂੰ ਕਿਹਾ- ਅਰਵਿੰਦ ਕੇਜਰੀਵਾਲ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਉਹ ਦੇਸ਼ ਦਾ ਵੱਡਾ ਅਤਿਵਾਦੀ ਹੋਵੇ। ਉਨ੍ਹਾਂ ਨੂੰ ਅਪਰਾਧੀਆਂ ਵਾਂਗ ਸਹੂਲਤਾਂ ਵੀ ਨਹੀਂ ਮਿਲ ਰਹੀਆਂ।
ਮਾਨ ਨੇ ਕਿਹਾ, ''ਮੈਂ ਉਹਨਾਂ ਨੂੰ ਦੇਖ ਕੇ ਭਾਵੁਕ ਹੋ ਗਿਆ। ਉਹਨਾਂ ਨਾਲ ਇੱਕ ਕੱਟੜ ਅਪਰਾਧੀ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਕੀ ਗਲਤੀ ਹੈ? ਕੀ ਇਹ ਉਨ੍ਹਾਂ ਦਾ ਕਸੂਰ ਹੈ ਕਿ ਉਨ੍ਹਾਂ ਨੇ ਮੁਹੱਲਾ ਕਲੀਨਿਕ ਬਣਾਏ?
'ਆਪ' ਸੰਸਦ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਲੋਕਾਂ ਦੀ ਚਿੰਤਾ 'ਚ ਹਨ ਅਤੇ ਲਗਾਤਾਰ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ। ਪਾਠਕ ਨੇ ਕਿਹਾ, “ਜੇਲ੍ਹ ਦੇ ਅੰਦਰ ਹੋਣ ਦੇ ਬਾਵਜੂਦ, ਉਹ ਦਿੱਲੀ ਦੇ ਲੋਕਾਂ ਲਈ ਚਿੰਤਤ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਤੋਂ ਉਹ ਦੋ ਮੰਤਰੀਆਂ ਨੂੰ ਬੁਲਾ ਕੇ ਮੁੱਦਿਆਂ 'ਤੇ ਚਰਚਾ ਕਰਨਗੇ। ਉਨ੍ਹਾਂ ਪਾਰਟੀ ਵਿਧਾਇਕਾਂ ਨੂੰ ਵੀ ਲੋਕਾਂ ਵਿਚ ਜਾਣ ਲਈ ਕਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਚਿਦੰਬਰਮ ਤਿਹਾੜ ਜੇਲ੍ਹ ਵਿਚ ਬੰਦ ਸਨ ਤਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉਨ੍ਹਾਂ ਨੂੰ ਮਿਲਣ ਲਈ ਜੇਲ੍ਹ ਜਾਂਦੇ ਸਨ। ਇਸ ਦੌਰਾਨ ਦੋਹਾਂ ਦੀ ਮੁਲਾਕਾਤ ਇਕ ਕਮਰੇ 'ਚ ਹੁੰਦੀ ਸੀ, ਜਦੋਂਕਿ ਅੱਜ ਉਨ੍ਹਾਂ ਦੀ ਕੇਜਰੀਵਾਲ ਨਾਲ ਮੁਲਾਕਾਤ ਇੱਕ ਵੱਖਰੇ ਢੰਗ ਨਾਲ ਹੋਈ। ਉਹਨਾਂ ਨੂੰ ਚਿਹਰਾ ਵੀ ਨਹੀਂ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀ 4 ਜੂਨ ਨੂੰ ਲੋਕ ਇਸ ਦਾ ਸਬਕ ਸਿਖਾਉਣਗੇ।
ਕੇਜਰੀਵਾਲ ਨੇ ਆਪਣੀ ਹਾਲਤ ਦੱਸਣ ਦੀ ਬਜਾਏ ਸਾਨੂੰ ਇਹ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ। ਉਥੇ ਸਕੂਲ ਅਤੇ ਮੁਹੱਲਾ ਕਲੀਨਿਕਾਂ ਦੀ ਕੀ ਹਾਲਤ ਹੈ? ਮੰਡੀਆਂ ਵਿਚ ਕਿਸਾਨਾਂ ਦੀ ਕਣਕ ਦੀ ਲਿਫਟਿੰਗ ਹੋ ਰਹੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਸਵਾਲ ਵੀ ਪੁੱਛੇ। ਭਗਵੰਤ ਮਾਨ ਨੇ ਕਿਹਾ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਅਸਾਮ ਵਿਚ ਚੋਣ ਪ੍ਰਚਾਰ ਕਰਕੇ ਆਇਆ ਹਾਂ। ਕੱਲ੍ਹ ਗੁਜਰਾਤ ਜਾ ਰਹੇ ਹਾਂ। ਇਸ ਤੋਂ ਬਾਅਦ ਮੈਂ ਦਿੱਲੀ ਵਿਚ ਪ੍ਰਚਾਰ ਕਰਾਂਗਾ। ਉਨ੍ਹਾਂ ਕਿਹਾ ਹੈ ਕਿ ਜਿੱਥੇ ਇੰਡੀਆ ਗਠਜੋੜ ਵਾਲੇ ਕਹਿਣਗੇ ਉੱਥੇ ਜਾਵਾਂਗੇ।
- ਕੇਜਰੀਵਾਲ ਨੇ ਕਿਹਾ ਮੈਂ ਠੀਕ ਹਾਂ ਪੰਜਾਬ ਤੇ ਜਨਤਾ ਦਾ ਹਾਲ ਦੱਸੋ
- ਕੇਜਰੀਵਾਲ ਜੀ ਨੂੰ ਆਮ ਚੀਜ਼ਾਂ ਤੋਂ ਵੀ ਵਾਂਝਾ ਰੱਖਿਆ ਗਿਆ
- ਕੇਜਰੀਵਾਲ ਜੀ ਨੂੰ ਸੰਵਿਧਾਨ ਦੀ ਚਿੰਤਾ ਸੀ
- ਭਾਜਪਾ ਦੀ ਦੁਸ਼ਮਣੀ ਇੰਨੀ ਹੈ ਕਿ ਅਤਿਵਾਦੀਆਂ ਵਾਂਗ ਸਲੂਕ ਕੀਤਾ ਜਾ ਰਿਹਾ ਹੈ
- 4 ਜੂਨ ਨੂੰ ਸਾਡੀ ਪਾਰਟੀ ਸਿਆਸੀ ਸ਼ਕਤੀ ਬਣ ਕੇ ਉੱਭਰੇਗੀ