
ਹੈਲਾਕਾਂਡੀ ਵਿਚ ਹਿੰਸਾ ਕਾਰਨ ਪਿਛਲੇ ਦੋ ਦਿਨ ਤੋਂ ਲੱਗਿਆ ਹੈ ਕਰਫ਼ੀਊ
ਹੈਲਾਕਾਂਡੀ : ਆਸਾਮ ਦੇ ਹੈਲਾਕਾਂਡੀ ਵਿਚ ਕਰਫ਼ੀਊ ਵਿਚਾਲੇ ਫ਼ਿਰਕੂ ਸਾਂਝੀਵਾਲਤਾ ਦੀ ਮਿਸਾਲ ਵੇਖਣ ਨੂੰ ਮਿਲੀ ਜਦ ਮੁਸਲਿਮ ਆਟੋ ਰਿਕਸ਼ਾ ਵਾਲੇ ਨੇ ਕਰਫ਼ੀਊ ਤੋੜਦਿਆਂ ਜਣੇਪਾ ਪੀੜ ਝੱਲ ਰਹੀ ਹਿੰਦੂ ਔਰਤ ਨੂੰ ਹਸਪਤਾਲ ਪਹੁੰਚਾਇਆ। ਇਸ ਸ਼ਹਿਰ ਵਿਚ ਹਿੰਸਾ ਕਾਰਨ ਦੋ ਦਿਨ ਪਹਿਲਾਂ ਕਰਫ਼ੀਊ ਲਾਇਆ ਗਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਮੋਹਨੇਸ਼ ਮਿਸ਼ਰਾ ਹੋਰ ਅਧਿਕਾਰੀਆਂ ਨਾਲ ਔਰਤ ਨੰਦਿਤਾ ਅਤੇ ਉਸ ਦੇ ਪਤੀ ਰੂਬਨ ਦਾਸ ਦੇ ਘਰ ਪਹੁੰਚੇ ਅਤੇ ਕਿਹਾ ਕਿ ਸਾਨੂੰ ਹਿੰਦੂ ਮੁਸਲਿਮ ਏਕਤਾ ਦੀਆਂ ਅਜਿਹੀਆਂ ਮਿਸਾਲਾਂ ਦੀ ਜ਼ਰੂਰਤ ਹੈ।
Auto
ਆਟੋ ਰਿਕਸ਼ੇ ਵਾਲੇ ਨੇ ਸਮੇਂ ਸਿਰ ਔਰਤ ਨੂੰ ਹਸਪਤਾਲ ਪਹੁੰਚਾ ਦਿਤਾ ਸੀ ਜਿਥੇ ਔਰਤ ਨੇ ਬੇਟੇ ਨੂੰ ਜਨਮ ਦਿਤਾ ਜਿਸ ਦਾ ਨਾਮ ਸ਼ਾਂਤੀ ਰਖਿਆ ਗਿਆ ਹੈ। ਅਧਿਕਾਰੀਆਂ ਨੇ ਰੂਬਨ ਦੇ ਗੁਆਂਢੀ ਅਤੇ ਆਟੋ ਚਾਲਕ ਮਕਬੂਲ ਨਾਲ ਵੀ ਮੁਲਾਕਾਤ ਕੀਤੀ ਅਤੇ ਗੁਆਂਢੀ ਦੀ ਮਦਦ ਕਰਨ ਤੇ ਜ਼ਿਲ੍ਹੇ ਵਿਚ ਤਣਾਅ ਘਟਾਉਣ ਲਈ ਉਸ ਦਾ ਧਨਵਾਦ ਕੀਤਾ।
Muslim man defies curfew to take pregnant Hindu woman to hospital
ਜਣੇਪਾ ਪੀੜ ਸ਼ੁਰੂ ਹੋਣ ਮਗਰੋਂ ਰੂਬਨ ਨੂੰ ਨੰਦਿਤਾ ਨੂੰ ਹਸਪਤਾਲ ਲਿਜਾਣ ਵਾਸਤੇ ਐਂਬੂਲੈਂਸ ਦੀ ਲੋੜ ਸੀ। ਕਿਤਿਉਂ ਵੀ ਮਦਦ ਨਾ ਮਿਲਣ 'ਤੇ ਗੁਆਂਢੀ ਮਕਬੂਲ ਮਦਦ ਲਈ ਆਇਆ ਅਤੇ ਕਰਫ਼ੀਊ ਦੀ ਪਰਵਾਹ ਕੀਤੇ ਬਿਨਾਂ ਨੰਦਿਤਾ ਨੂੰ ਹਸਪਤਾਲ ਲੈ ਗਿਆ। ਸ਼ੁਕਰਵਾਰ ਨੂੰ ਫ਼ਿਰਕੂ ਹਿੰਸਾ ਵਿਚ ਪੁਲਿਸ ਦੀ ਗੋਲੀਬਾਰੀ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜ਼ਖ਼ਮੀ ਹੋ ਗਏ ਸਨ। ਕਈ ਦੁਕਾਨਾਂ ਅਤੇ ਵਾਹਨ ਵੀ ਨੁਕਸਾਨੇ ਗਏ ਸਨ।