
ਕਿਹਾ, ਮੌਜੂਦਾ ਸਟਾਫ ਨਾਲ ਹੀ ਚਲਾਇਆ ਜਾਵੇ ਕੰਮ
ਕੁੱਝ ਦਿਨ ਪਹਿਲਾਂ ਹੀ ਐਸ.ਐਸ.ਪੀ. ਕੰਵਰਦੀਪ ਕੌਰ ਨੂੰ ਮਿਲੀ ਸੀ 17 ਮੁਲਾਜ਼ਮਾਂ ਦੇ ਨਾਂਅ ਵਾਲੀ ਚਿੱਠੀ
ਚੰਡੀਗੜ੍ਹ: ਕਈ ਸਾਲਾਂ ਤੋਂ ਚੰਡੀਗੜ੍ਹ ਪੁਲਿਸ ਵਿਭਾਗ ਵਿਚ ਚੱਲੇ ਆ ਰਹੇ ਰੁਝਾਨ ’ਤੇ ਐਸ.ਐਸ.ਪੀ. ਕੰਵਰਦੀਪ ਕੌਰ ਨੇ ਵਿਰਾਮ ਲਗਾ ਦਿਤਾ ਹੈ। ਦਰਅਸਲ ਵਿਭਾਗ ਵਿਚ ਕਾਫੀ ਸਮੇਂ ਤੋਂ ਇਹ ਰੁਝਾਨ ਸੀ ਕਿ ਜਿਥੇ ਇੰਸਪੈਕਟਰ ਦੀ ਪੋਸਟਿੰਗ ਹੁੰਦੀ, ਉਸ ਦੇ ਚਹੇਤੇ ਏ.ਐਸ.ਆਈ., ਕਾਂਸਟੇਬਲ, ਹੈੱਡ ਕਾਂਸਟੇਬਲ ਵੀ ਉਥੇ ਹੀ ਤੈਨਾਤ ਕਰ ਦਿਤੇ ਜਾਂਦੇ ਸਨ। ਪੁਲਿਸ ਸੂਤਰਾਂ ਮੁਤਾਬਕ 5-6 ਦਿਨ ਪਹਿਲਾਂ ਪੁਲਿਸ ਹੈਡਕੁਆਰਟਰ ਵਿਖੇ ਐਸ.ਐਸ.ਪੀ. ਕੰਵਰਦੀਪ ਕੌਰ ਦੇ ਨਾਂਅ ’ਤੇ ਇਕ ਪੱਤਰ ਆਇਆ ਸੀ। ਸਟਾਫ਼ ਨੇ ਇਹ ਚਿੱਠੀ ਉਨ੍ਹਾਂ ਦੇ ਮੇਜ਼ 'ਤੇ ਰੱਖ ਦਿਤੀ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ਵਿਚ 17 ਮੁਲਾਜ਼ਮਾਂ- ਕਾਂਸਟੇਬਲਾਂ, ਹੈੱਡ ਕਾਂਸਟੇਬਲਾਂ ਅਤੇ ਇਕ-ਦੋ ਏ.ਐਸ.ਆਈਜ਼. ਦੇ ਨਾਂਅ ਲਿਖੇ ਹੋਏ ਸਨ।
ਇਹ ਵੀ ਪੜ੍ਹੋ: ਕੈਨੇਡਾ ’ਚ ਪੰਜਾਬੀ ਵਿਦਿਆਰਥੀ ਨਹੀਂ ਹੋਣਗੇ ਡਿਪੋਰਟ, ਟਾਸਕ ਫੋਰਸ ਕਰੇਗੀ ਹਰ ਕੇਸ ਦੀ ਜਾਂਚ
ਇਸ ਦੇ ਨਾਲ ਹੀ ਲਿਖਿਆ ਸੀ ਕਿ ਇਹ ਉਹ ਮੁਲਾਜ਼ਮ ਹਨ ਜਿਨ੍ਹਾਂ ਨੂੰ ਉਨ੍ਹਾਂ ਦਾ ਇੰਸਪੈਕਟਰ ਆਕਾ ਅਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਇੰਸਪੈਕਟਰਾਂ ਦੇ ਨਾਂਅ ਵੀ ਲਿਖੇ ਹੋਏ ਸਨ ਅਤੇ ਦਸਿਆ ਗਿਆ ਸੀ ਕਿ ਇਹ 17 ਕਰਮਚਾਰੀ ਕਿਸ-ਕਿਸ ਇੰਸਪੈਕਟਰ ਦੇ ਚਹੇਤੇ ਅਤੇ ਖਾਸ ਹਨ। ਇਹ ਵੀ ਲਿਖਿਆ ਗਿਆ ਸੀ ਕਿ ਤੁਸੀਂ ਅਪਣੇ ਪਧਰ 'ਤੇ ਜਾਂਚ ਕਰਵਾ ਸਕਦੇ ਹੋ ਕਿ ਇੰਸਪੈਕਟਰ ਦੀ ਬਦਲੀ ਜਿਸ ਵਿੰਗ 'ਚ ਕੀਤੀ ਗਈ ਸੀ, ਇਹ ਮੁਲਾਜ਼ਮ ਉਨ੍ਹਾਂ ਦੇ ਨਾਲ ਉਸੇ ਵਿੰਗ ਵਿਚ ਟ੍ਰਾਂਸਫਰ ਹੋਏ ਸੀ ਜਾਂ ਨਹੀਂ? ਸੂਤਰਾਂ ਅਨੁਸਾਰ ਜਾਂਚ ਵਿਚ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਇਹ ਸੂਚੀ ਸਹੀ ਹੈ, ਯਾਨੀ ਜਿਥੇ ਵੀ ਇੰਸਪੈਕਟਰ ਜਾਂਦੇ ਸਨ, ਉਨ੍ਹਾਂ ਦੇ ਚਹੇਤੇ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਜਾਂਦੇ ਸਨ।
ਇਹ ਵੀ ਪੜ੍ਹੋ: ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਭੰਨਤੋੜ ਦਾ ਮਾਮਲਾ: NIA ਵਲੋਂ 45 ਲੋਕਾਂ ਦੀਆਂ ਤਸਵੀਰਾਂ ਅਤੇ ਲੁਕਆਊਟ ਨੋਟਿਸ ਜਾਰੀ
ਐਸ.ਐਸ.ਪੀ. ਕੋਲ ਗਏ 4 ਇੰਸਪੈਕਟਰ
ਪੁਲਿਸ ਸੂਤਰਾਂ ਅਨੁਸਾਰ ਕਈ ਐਸ.ਐਚ.ਓਜ਼. ਸਮੇਤ ਚਾਰ ਸਿਟੀ ਇੰਸਪੈਕਟਰ ਅਪਣੇ ਚਹੇਤੇ ਮੁਲਾਜ਼ਮਾਂ ਨੂੰ ਅਪਣੀ ਨਵੀਂ ਤਾਇਨਾਤੀ ’ਤੇ ਨਾਲ ਲੈ ਕੇ ਜਾਣ ਲਈ ਐਸ.ਐਸ.ਪੀ. ਕੰਵਰਦੀਪ ਕੌਰ ਕੋਲ ਗਏ ਸਨ। ਜਦੋਂ ਉਨ੍ਹਾਂ ਇੰਸਪੈਕਟਰਾਂ ਤੋਂ ਮੁਲਾਜ਼ਮਾਂ ਦੇ ਨਾਂ ਪੁੱਛੇ ਗਏ ਤਾਂ ਉਨ੍ਹਾਂ ਦੇ ਨਾਂਅ ਉਹੀ ਸੂਚੀ ਵਿਚੋਂ ਨਿਕਲੇ ਜੋ ਐਸ.ਐਸ.ਪੀ. ਨੂੰ ਭੇਜੇ ਪੱਤਰ ਵਿਚ ਸਨ। ਇਸ ਤੋਂ ਬਾਅਦ ਐਸ.ਐਸ.ਪੀ. ਨੇ ਸਾਫ਼ ਤੌਰ ’ਤੇ ਨਾਂਹ ਕਰਦਿਆਂ ਕਿਹਾ ਕਿ ਜਿਹੜਾ ਸਟਾਫ ਹੈ, ਉਸੇ ਨਾਲ ਕੰਮ ਚਲਾਇਆ ਜਾਵੇ।
ਇਹ ਵੀ ਪੜ੍ਹੋ: ਲੱਖਾਂ ਵਿਦਿਆਰਥੀਆਂ ਨੂੰ ਰਾਹਤ: NEET UG-2024 ਪ੍ਰੀਖਿਆ ਲਈ ਉਮਰ ਵਿਚ 11 ਮਹੀਨਿਆਂ ਦੀ ਛੋਟ
ਇਹ ਸੀ ਚੰਡੀਗੜ੍ਹ ਪੁਲਿਸ ਦਾ ਰੁਝਾਨ
ਪਹਿਲਾਂ ਜਦੋਂ ਵੀ ਕਿਸੇ ਇੰਸਪੈਕਟਰ ਦੀ ਕਿਸੇ ਵਿੰਗ ਵਿਚ ਬਦਲੀ ਹੁੰਦੀ ਸੀ ਤਾਂ ਇਕ-ਦੋ ਦਿਨਾਂ ਬਾਅਦ ਉਹ ਪੁਲਿਸ ਹੈੱਡਕੁਆਰਟਰ ਵਿਚ ਐਸ.ਐਸ.ਪੀ. ਕੋਲ ਪਹੁੰਚ ਜਾਂਦਾ ਸੀ, ਤਾਂਕਿ ਉਹ ਪਿਛਲੀ ਤਾਇਨਾਤੀ ਵਿਚ ਅਪਣੀ ਸਾਥੀ ਨੂੰ ਨਾਲ ਲੈ ਕੇ ਜਾ ਸਕੇ। ਦਲੀਲ ਦਿਤੀ ਜਾਂਦੀ ਸੀ ਕਿ ਜੇਕਰ ਪੁਰਾਣਾ ਸਾਥੀ ਉਨ੍ਹਾਂ ਦੇ ਨਾਲ ਹੋਵੇਗਾ ਤਾਂ ਉਨ੍ਹਾਂ ਨੂੰ ਕੰਮ 'ਚ ਕੋਈ ਦਿੱਕਤ ਨਹੀਂ ਆਵੇਗੀ। ਕਿਉਂਕਿ ਇਹ ਸਾਥੀ ਦਫ਼ਤਰੀ ਕੰਮ ਤੋਂ ਲੈ ਕੇ ਨਿੱਜੀ ਤੋਂ ਲੈ ਕੇ ਘਰ ਦੇ ਕਈ ਕੰਮਾਂ ਵਿਚ ਅਪਣੇ ਇੰਸਪੈਕਟਰ ਦੀ ਮਦਦ ਕਰਦੇ ਸਨ।