ਸਾਊਦੀ ਅਰਬ ਵਿਚ ਕੈਦ ਇਕ ਭਾਰਤੀ ਨਾਲ ਸਬੰਧਤ ਮਾਮਲੇ ਦੀ ਜਾਂਚ ਨੂੰ ਲੈ ਕੇ ਕੀਤੀ ਇਹ ਟਿੱਪਣੀ
ਬੰਗਲੌਰ: ਕਰਨਾਟਕ ਹਾਈ ਕੋਰਟ ਨੇ ਬੁਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੂੰ ਚੇਤਾਵਨੀ ਦਿਤੀ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਫੇਸਬੁੱਕ ਸੂਬਾ ਪੁਲਿਸ ਨਾਲ ਸਹਿਯੋਗ ਕਰਨ ਦੇ ਸਮਰੱਥ ਨਹੀਂ ਹੈ ਤਾਂ ਉਹ ਭਾਰਤ ਭਰ ਵਿਚ ਉਸ ਦੀਆਂ ਸੇਵਾਵਾਂ ਬੰਦ ਕਰਨ ਬਾਰੇ ਵੀ ਵਿਚਾਰ ਕਰ ਸਕਦੀ ਹੈ।
ਦਸਿਆ ਗਿਆ ਹੈ ਕਿ ਅਦਾਲਤ ਦੀ ਇਹ ਟਿਪਣੀ ਸਾਊਦੀ ਅਰਬ ਵਿਚ ਕੈਦ ਇਕ ਭਾਰਤੀ ਨਾਲ ਸਬੰਧਤ ਮਾਮਲੇ ਦੀ ਜਾਂਚ ਨੂੰ ਲੈ ਕੇ ਆਈ ਹੈ।
ਇਲਜ਼ਾਮ ਹੈ ਕਿ ਫੇਸਬੁੱਕ ਇਸ ਮਾਮਲੇ 'ਚ ਕਰਨਾਟਕ ਪੁਲਿਸ ਨੂੰ ਕਥਿਤ ਤੌਰ 'ਤੇ ਸਹਿਯੋਗ ਨਹੀਂ ਕਰ ਰਹੀ ਹੈ। ਜਸਟਿਸ ਕ੍ਰਿਸ਼ਨਾ ਐਸ ਦੀਕਸ਼ਿਤ ਦੀ ਬੈਂਚ ਨੇ ਦਖਣੀ ਕੰਨੜ ਜ਼ਿਲ੍ਹੇ ਦੇ ਮੰਗਲੁਰੂ ਨੇੜੇ ਬਿਕਰਨਕੱਟੇ ਦੀ ਵਸਨੀਕ ਕਵਿਤਾ ਦੁਆਰਾ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਚੇਤਾਵਨੀ ਦਿਤੀ। ਬੈਂਚ ਨੇ ਫੇਸਬੁੱਕ ਨੂੰ ਨਿਰਦੇਸ਼ ਦਿਤਾ, "ਲੋੜੀਂਦੀ ਜਾਣਕਾਰੀ ਦੇ ਨਾਲ ਪੂਰੀ ਰੀਪੋਰਟ ਅਦਾਲਤ ਦੇ ਸਾਹਮਣੇ ਇਕ ਹਫ਼ਤੇ ਵਿਚ ਪੇਸ਼ ਕੀਤੀ ਜਾਣੀ ਚਾਹੀਦੀ ਹੈ।"
ਅਦਾਲਤ ਨੇ ਕਿਹਾ ਕਿ ਇਹ ਵੀ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਕ ਭਾਰਤੀ ਨਾਗਰਿਕ ਨੂੰ ਝੂਠੇ ਕੇਸ ਵਿਚ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿਚ ਕੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਅਦਾਲਤ ਨੇ ਸੁਣਵਾਈ ਨੂੰ 22 ਜੂਨ ਤਕ ਮੁਲਤਵੀ ਕਰਦੇ ਹੋਏ ਕਿਹਾ ਕਿ ਮੰਗਲੁਰੂ ਪੁਲਿਸ ਨੂੰ ਵੀ ਸਹੀ ਜਾਂਚ ਕਰਨੀ ਪਵੇਗੀ ਅਤੇ ਰੀਪੋਰਟ ਪੇਸ਼ ਕਰਨੀ ਪਵੇਗੀ।
ਕਵਿਤਾ ਨੇ ਅਪਣੀ ਪਟੀਸ਼ਨ 'ਚ ਕਿਹਾ ਕਿ ਉਸ ਦਾ ਪਤੀ ਸ਼ੈਲੇਸ਼ ਕੁਮਾਰ (52) 25 ਸਾਲਾਂ ਤੋਂ ਸਾਊਦੀ ਅਰਬ 'ਚ ਇਕ ਕੰਪਨੀ 'ਚ ਕੰਮ ਕਰਦਾ ਸੀ, ਜਦਕਿ ਉਹ ਅਪਣੇ ਬੱਚਿਆਂ ਨਾਲ ਆਪਣੇ ਜੱਦੀ ਘਰ 'ਚ ਰਹਿੰਦੀ ਸੀ। ਉਸ ਨੇ ਦਸਿਆ ਕਿ ਉਸ ਨੇ 2019 ਵਿਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਦੇ ਸਮਰਥਨ ਵਿਚ ਇਕ ਸੰਦੇਸ਼ ਫੇਸਬੁੱਕ 'ਤੇ ਸਾਂਝਾ ਕੀਤਾ ਸੀ ਪਰ ਅਣਪਛਾਤੇ ਲੋਕਾਂ ਨੇ ਉਸ ਦੇ ਨਾਮ 'ਤੇ ਇਕ ਫਰਜ਼ੀ ਫੇਸਬੁੱਕ ਖਾਤਾ ਖੋਲ੍ਹਿਆ ਅਤੇ ਸਾਊਦੀ ਅਰਬ ਅਤੇ ਇਸਲਾਮ ਦੇ ਰਾਜਾ ਵਿਰੁਧ ਇਤਰਾਜ਼ਯੋਗ ਪੋਸਟਾਂ ਪੋਸਟ ਕੀਤੀਆਂ।
ਜਿਵੇਂ ਹੀ ਉਸ ਨੂੰ ਪਤਾ ਲੱਗਿਆ ਤਾਂ ਕੁਮਾਰ ਨੇ ਪ੍ਰਵਾਰ ਨੂੰ ਸੂਚਿਤ ਕੀਤਾ ਅਤੇ ਕਵਿਤਾ ਨੇ ਇਸ ਸਬੰਧ ਵਿਚ ਮੰਗਲੁਰੂ ਵਿਚ ਪੁਲਿਸ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ ਸਾਊਦੀ ਪੁਲਸ ਨੇ ਸ਼ੈਲੇਸ਼ ਕੁਮਾਰ ਨੂੰ ਗ੍ਰਿਫਤਾਰ ਕਰਕੇ ਜੇਲ 'ਚ ਬੰਦ ਕਰ ਦਿਤਾ ਸੀ। ਮੰਗਲੁਰੂ ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਫੇਸਬੁੱਕ ਨੂੰ ਪੱਤਰ ਲਿਖ ਕੇ ਫਰਜ਼ੀ ਫੇਸਬੁੱਕ ਅਕਾਊਂਟ ਖੋਲ੍ਹੇ ਜਾਣ ਸਬੰਧੀ ਜਾਣਕਾਰੀ ਮੰਗੀ ਸੀ ਪਰ ਫੇਸਬੁੱਕ ਨੇ ਪੁਲਿਸ ਨੂੰ ਕੋਈ ਜਵਾਬ ਨਹੀਂ ਦਿਤਾ ਸੀ। 2021 ਵਿਚ ਪਟੀਸ਼ਨਕਰਤਾ ਨੇ ਜਾਂਚ ਵਿਚ ਦੇਰੀ 'ਤੇ ਸਵਾਲ ਉਠਾਉਂਦੇ ਹੋਏ ਹਾਈ ਕੋਰਟ ਤਕ ਪਹੁੰਚ ਕੀਤੀ ਸੀ।