
ਨਿਰਮਾਣ ਸਮੱਗਰੀ ਲੈ ਕੇ ਜਾ ਰਹੇ ਦੋ ਟਰੱਕਾਂ ਨੂੰ ਵੀ ਲਾਈ ਗਈ ਅੱਗ
ਇੰਫਾਲ: ਮਨੀਪੁਰ ’ਚ ਹਿੰਸਾ ਅਤੇ ਸਾੜਫੂਕ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਸੂਬੇ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੇ ਸਰਕਾਰੀ ਬੰਗਲੇ ਨੇੜੇ ਰਾਜ ਸਕੱਤਰੇਤ ਕੰਪਲੈਕਸ ਦੀ ਇਕ ਇਮਾਰਤ ’ਚ ਸਨਿਚਰਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ। ਇਹ ਜਾਣਕਾਰੀ ਪੁਲਿਸ ਨੇ ਦਿਤੀ। ਇਕ ਅਧਿਕਾਰੀ ਨੇ ਦਸਿਆ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਘੱਟੋ-ਘੱਟ ਤਿੰਨ ਗੱਡੀਆਂ ਮੌਕੇ ’ਤੇ ਪਹੁੰਚੀਆਂ। ਉਨ੍ਹਾਂ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਦੂਜੇ ਪਾਸੇ ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ’ਚ ਸਨਿਚਰਵਾਰ ਨੂੰ ਭੀੜ ਨੇ ਨਿਰਮਾਣ ਸਮੱਗਰੀ ਲੈ ਕੇ ਜਾ ਰਹੇ ਦੋ ਟਰੱਕਾਂ ਨੂੰ ਅੱਗ ਲਾ ਦਿਤੀ। ਸਥਾਨਕ ਲੋਕਾਂ ਨੇ ਤ੍ਰੋਂਗਲਾਓਬੀ ਵਿਖੇ ਚਾਰ ਟਰੱਕਾਂ ਨੂੰ ਰੋਕਿਆ ਅਤੇ ਉਨ੍ਹਾਂ ਵਿਚੋਂ ਦੋ ਨੂੰ ਅੱਗ ਲਾ ਦਿਤੀ ਜਦਕਿ ਦੋ ਹੋਰ ਨੂੰ ਰਾਜ ਅਤੇ ਕੇਂਦਰੀ ਬਲਾਂ ਨੇ ਬਚਾਇਆ। ਇਕ ਟਰੱਕ ਦੇ ਡਰਾਈਵਰ ਦੇ ਹਵਾਲੇ ਨਾਲ ਅਧਿਕਾਰੀ ਨੇ ਦਸਿਆ ਕਿ ਟਰੱਕ ਪੁਲ ਬਣਾਉਣ ਲਈ ਲੋੜੀਂਦੀ ਸਮੱਗਰੀ ਪਹੁੰਚਾਉਣ ਲਈ ਚੁਰਾਚਾਂਦਪੁਰ ਜ਼ਿਲ੍ਹੇ ਵਲ ਜਾ ਰਹੇ ਸਨ। ਉਨ੍ਹਾਂ ਦਸਿਆ ਕਿ ਆਰ.ਏ.ਐਫ. ਦੇ ਜਵਾਨ ਅਤੇ ਵਾਧੂ ਰਾਜ ਅਤੇ ਕੇਂਦਰੀ ਬਲ ਮੌਕੇ ’ਤੇ ਪਹੁੰਚੇ ਅਤੇ ਬਾਅਦ ’ਚ ਸਥਿਤੀ ਨੂੰ ਕਾਬੂ ’ਚ ਕੀਤਾ।