
ਕੈਨੇਡਾ ਵਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਪਹਿਲੀ ਵਾਰੀ ਆਹਮੋ-ਸਾਹਮਣੇ ਹੋਏ ਮੋਦੀ ਅਤੇ ਟਰੂਡੋ
ਬਾਰੀ (ਇਟਲੀ) : ਦੁਵੱਲੇ ਸਬੰਧਾਂ ’ਚ ਤਣਾਅ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਕੁੱਝ ‘ਬਹੁਤ ਮਹੱਤਵਪੂਰਨ ਮੁੱਦਿਆਂ’ ਨਾਲ ਨਜਿੱਠਣ ਲਈ ਭਾਰਤ ਨਾਲ ਕੰਮ ਕਰਨ ਲਈ ਵਚਨਬੱਧ ਹਨ। ਮੋਦੀ ਨੇ ਸ਼ੁਕਰਵਾਰ ਨੂੰ ਦੋਹਾਂ ਆਗੂਆਂ ਦੇ ਹੱਥ ਮਿਲਾਉਂਦੇ ਹੋਏ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਕਰਦਿਆਂ ਕਿਹਾ, ‘‘ਜੀ-7 ਸਿਖਰ ਸੰਮੇਲਨ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ।’’
ਦਖਣੀ ਇਟਲੀ ਦੇ ਅਪੁਲੀਆ ’ਚ ਜੀ-7 ਸਿਖਰ ਸੰਮੇਲਨ ਦੌਰਾਨ ਹੋਈ ਇਹ ਬੈਠਕ ਖਾਲਿਸਤਾਨ ਹਮਾਇਤੀ ਅਤਿਵਾਦ ਨੂੰ ਲੈ ਕੇ ਤਣਾਅਪੂਰਨ ਕੂਟਨੀਤਕ ਸਬੰਧਾਂ ਵਿਚਕਾਰ ਪਹਿਲੀ ਬੈਠਕ ਹੈ। ਇਸ ਤੋਂ ਪਹਿਲਾਂ ਟਰੂਡੋ ਨੇ ਦੋਸ਼ ਲਾਇਆ ਸੀ ਕਿ ਕੈਨੇਡੀਅਨ ਅਧਿਕਾਰੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਨਾਲ ਜੁੜੇ ‘ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ’ ਜਾਂਚ ਕਰ ਰਹੇ ਹਨ।
ਪਿਛਲੇ ਸਾਲ ਕੈਨੇਡਾ ਵਲੋਂ ਲਗਾਏ ਗਏ ਦੋਸ਼ਾਂ ਨੂੰ ਵਿਦੇਸ਼ ਮੰਤਰਾਲੇ ਨੇ ਬੇਤੁਕਾ ਅਤੇ ਪ੍ਰੇਰਿਤ ਦੱਸਦਿਆਂ ਰੱਦ ਕਰ ਦਿਤਾ ਸੀ। ਟਰੂਡੋ ਨੇ ਸਨਿਚਰਵਾਰ ਨੂੰ ਤਿੰਨ ਰੋਜ਼ਾ ਜੀ-7 ਸਿਖਰ ਸੰਮੇਲਨ ਦੀ ਸਮਾਪਤੀ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਇਸ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਮੁੱਦੇ ਦੇ ਵੇਰਵਿਆਂ ’ਚ ਨਹੀਂ ਜਾਵਾਂਗਾ ਜਿਸ ’ਤੇ ਸਾਨੂੰ ਅੱਗੇ ਕੰਮ ਕਰਨ ਦੀ ਜ਼ਰੂਰਤ ਹੈ। ਪਰ ਆਉਣ ਵਾਲੇ ਸਮੇਂ ’ਚ ਕੁੱਝ ਬਹੁਤ ਮਹੱਤਵਪੂਰਨ ਮੁੱਦਿਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦੀ ਵਚਨਬੱਧਤਾ ਹੈ।’’
ਸ਼ੁਕਰਵਾਰ ਸ਼ਾਮ ਨੂੰ ਮੁਲਾਕਾਤ ਤੋਂ ਤੁਰਤ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਨੇਤਾਵਾਂ ਨੇ ਦੋ-ਪੱਖੀ ਸਬੰਧਾਂ ’ਤੇ ਸੰਖੇਪ ਚਰਚਾ ਕੀਤੀ, ਜਿਸ ਦੌਰਾਨ ਟਰੂਡੋ ਨੇ ਮੋਦੀ ਨੂੰ ਦੁਬਾਰਾ ਚੁਣੇ ਜਾਣ ’ਤੇ ਵਧਾਈ ਦਿਤੀ। ਕੈਨੇਡੀਅਨ ਪ੍ਰੈਸ ਨਿਊਜ਼ ਏਜੰਸੀ ਨੇ ਬੁਲਾਰੇ ਐਨ-ਕਲਾਰਾ ਵੈਲਨਕੋਰਟ ਦੇ ਹਵਾਲੇ ਨਾਲ ਕਿਹਾ, ‘‘ਬੇਸ਼ਕ ਇਸ ਸਮੇਂ ਸਾਡੇ ਦੋਹਾਂ ਦੇਸ਼ਾਂ ਵਿਚਾਲੇ ਮਹੱਤਵਪੂਰਨ ਮੁੱਦੇ ਹਨ। ਜਿਵੇਂ ਕਿ ਤੁਸੀਂ ਸਮਝ ਸਕਦੇ ਹੋ, ਅਸੀਂ ਇਸ ਸਮੇਂ ਕੋਈ ਹੋਰ ਬਿਆਨ ਨਹੀਂ ਦੇਵਾਂਗੇ।’’
ਭਾਰਤ ਦਾ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਮੁੱਖ ਮੁੱਦਾ ਇਹ ਹੈ ਕਿ ਕੈਨੇਡਾ ਅਪਣੀ ਜ਼ਮੀਨ ਤੋਂ ਸਰਗਰਮ ਖਾਲਿਸਤਾਨ ਸਮਰਥਕ ਤੱਤਾਂ ਨੂੰ ਜਗ੍ਹਾ ਦੇ ਰਿਹਾ ਹੈ। ਭਾਰਤ ਨੇ ਵਾਰ-ਵਾਰ ਕੈਨੇਡਾ ਨੂੰ ਅਪਣੀਆਂ ਡੂੰਘੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ ਅਤੇ ਨਵੀਂ ਦਿੱਲੀ ਨੂੰ ਉਮੀਦ ਹੈ ਕਿ ਓਟਾਵਾ ਇਨ੍ਹਾਂ ਤੱਤਾਂ ਵਿਰੁਧ ਸਖਤ ਕਾਰਵਾਈ ਕਰੇਗਾ।