
2019 ਦੀਆਂ ਲੋਕ ਸਭਾ ਚੋਣਾਂ ਦੇ ਸਨਮੁਖ ਦੇਸ਼ ਦੀਆਂ ਦੋ ਸੋ ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਸਾਂਝੀ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ.....
ਨਵੀਂ ਦਿੱਲੀ, 2019 ਦੀਆਂ ਲੋਕ ਸਭਾ ਚੋਣਾਂ ਦੇ ਸਨਮੁਖ ਦੇਸ਼ ਦੀਆਂ ਦੋ ਸੋ ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਸਾਂਝੀ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਨੇ ਦੇਸ਼ ਭਰ ਵਿਚ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਬਖੀਏ ਉਧੇੜਨ ਦਾ ਐਲਾਨ ਕੀਤਾ ਹੈ। ਸਵਰਾਜ ਇੰਡੀਆ ਪਾਰਟੀ ਦੇ ਮੋਢੀ ਪ੍ਰਧਾਨ ਯੋਗੇਂਦਰ ਯਾਦਵ ਦੀ ਸਰਪ੍ਰਸਤੀ ਹੇਠ ਅੱਜ ਦਿੱਲੀ ਵਿਚ ਦੇਸ਼ ਭਰ ਤੋਂ ਇਕੱਠੇ ਹੋਏ ਕਿਸਾਨ ਨੁਮਾਇੰਦਿਆਂ ਨੇ ਇਕਜੁੱਟ ਹੋ ਕੇ, ਜ਼ੋਰਦਾਰ ਢੰਗ ਨਾਲ ਰੋਸ ਪ੍ਰਗਟ ਕਰਦਿਆਂ ਕਿਹਾ ਹੈ
ਕਿ ਮੋਦੀ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਦੀ ਆੜ 'ਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨਾਂਅ 'ਤੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਛਿੱਕੇ ਟੰਗ ਕੇ ਰੱਖ ਦਿਤਾ ਹੋਇਆ ਹੈ। ਬੀਤੇ ਕਲ੍ਹ 13 ਜੁਲਾਈ ਨੂੰ ਸੰਘਰਸ਼ ਕਮੇਟੀ ਦੀ ਇਥੇ ਹੋਈ ਮੀਟਿੰਗ ਵਿਚ ਪਾਰਲੀਮੈਂਟ ਵਿਚ ਕਿਸਾਨਾਂ ਦੇ ਹਿੱਤਾਂ ਬਾਰੇ ਬਿੱਲ ਨੂੰ ਪਾਸ ਕਰਨ ਦੀ ਮੰਗ ਕੀਤੀ ਗਈ ਜਿਸ ਲਈ 30 ਨਵੰਬਰ ਤੇ 1 ਦਸੰਬਰ ਨੂੰੰ ਦੇਸ਼ ਭਰ ਦੇ ਲੱਖਾਂ ਕਿਸਾਨ-ਦਲਿਤ ਮਜ਼ਦੂਰ ਦਿੱਲੀ ਵਿਚ ਪਾਰਲੀਮੈਂਟ ਕੋਲ ਪੁੱਜ ਕੇ, ਕਿਸਾਨਾਂ ਦੀ ਮੁਕਤੀ ਦੀ ਮੰਗ ਕਰਨਗੇ।
ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ 21 ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਬਿੱਲਾਂ ਨੂੰ ਹਮਾਇਤ ਦੇਣ ਦੀ ਮੰਗ ਲਈ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ ਤੇ ਪਾਰਲੀਮੈਂਟ ਦਾ ਵਿਸ਼ੇਸ਼ ਇਜਲਾਸ ਸੱਦ ਕੇ, ਕਿਸਾਨਾਂ ਬਾਰੇ ਦੋ ਬਿੱਲ ਪਾਸ ਕੀਤੇ ਜਾਣ। ਅੱਜ ਸ਼ਾਮ ਇਥੋਂ ਦੇ ਗਾਂਧੀ ਪੀਸ ਫ਼ਾਊਂਡੇਸ਼ਨ ਵਿਚ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਨੁਮਾਇੰਦਿਆਂ ਯੋਗੇਂਦਰ ਯਾਦਵ, ਸ.ਵੀ.ਐਮ. ਸਿੰਘ ਕਰਨਾਟਕਾ ਸਣੇ ਹੋਰਨਾਂ ਸੂਬਿਆਂ ਦੇ ਆਗੂਆਂ ਨੇ ਸਾਂਝੇ ਤੌਰ 'ਤੇ ਐਲਾਨ ਕੀਤਾ ਹੈ
ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਘੱਟੋ-ਘੱਟ ਸਮਰਥਨ ਮੁੱਲ ਨੂੰ ਭੁਨਾਉਣ ਲਈ 40 ਰੈਲੀਆਂ ਕਰਨ ਦੇ ਉਲੀਕੇ ਪ੍ਰੋਗਰਾਮ ਨੂੰ ਅਗਲੇ 4 ਮਹੀਨਿਆਂ ਵਿਚ 400 ਬੈਠਕਾਂ ਕਰ ਕੇ, ਮੋਦੀ ਨੀਤੀਆਂ ਦਾ ਭਾਂਡਾ ਭੰਨ੍ਹਣਗੇ। ਕਿਸਾਨ 20 ਜੁਲਾਈ ਨੂੰ ਕਾਲੇ ਝੰਡੇ ਲੈ ਕੇ, ਪਾਰਲੀਮੈਂਟ ਕੋਲ ਮੁਜ਼ਾਹਰਾ ਵੀ ਕਰਨਗੇ। ਯੋਗੇਂਦਰ ਯਾਦਵ ਨੇ ਕਿਹਾ, “ਪੰਜਾਬ ਵਿਚ ਕਰਜ਼ਾ ਮੁਆਫ਼ੀ ਦੇ ਨਾਂਅ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਧੋਖਾ ਕੀਤੈ।
ਭਾਜਪਾ ਤੇ ਕਾਂਗਰਸ ਕਿਸਾਨਾਂ ਦੇ ਮੁੱਦੇ ਨੂੰ ਰੋਲ੍ਹਦੀਆਂ ਰਹੀਆਂ ਹਨ। 4 ਸਾਲ ਤੋਂ ਮੋਦੀ ਨੇ ਵੀ ਜ਼ਬਾਨ ਬੰਦ ਕੀਤੀ ਹੋਈ ਹੈ।“ ਸੰਘਰਸ਼ ਕਮੇਟੀ ਦੇ ਕਨਵੀਨਰ ਸ.ਵੀ.ਐਮ.ਸਿੰਘ ਨੇ ਕਿਹਾ, “ਭਾਜਪਾ ਦੇ ਰਾਜ ਵਿਚ ਕਾਂਗਰਸ ਕਿਸਾਨਾਂ ਦੇ ਮੋਢੇ ਵਰਤ ਕੇ ਬੰਦੂਕ ਚਲਾਉਂਦੀ ਰਹੀ ਹੈ ਤੇ ਕਾਂਗਰਸ ਦੇ ਰਾਜ ਵਿਚ ਭਾਜਪਾ, ਪਰ ਹੁਣ ਕਿਸਾਨ ਸਿਆਣੇ ਹੋ ਗਏ ਹਨ ਤੇ ਉਹ ਆਪਣਾ ਮੋਢਾ ਵਰਤ ਕੇ, ਹੁਣ ਬੰਦੂਕ ਚਲਾਉਣਗੇ।“