
ਸੁਪਰੀਮ ਕੋਰਟ ਨੇ ਹਤਿਆ ਦੇ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਆਪੇ ਬਣੇ ਬਾਬਾ ਰਾਮਪਾਲ ਨੂੰ ਪੈਰੋਲ 'ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿਤਾ।
ਨਵੀਂ ਦਿੱਲੀ, 14 ਜੁਲਾਈ : ਸੁਪਰੀਮ ਕੋਰਟ ਨੇ ਹਤਿਆ ਦੇ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਆਪੇ ਬਣੇ ਬਾਬਾ ਰਾਮਪਾਲ ਨੂੰ ਪੈਰੋਲ 'ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿਤਾ। ਮੁੱਖ ਜੱਜ ਐਸ ਏ ਬੋਬੜੇ, ਜੱਜ ਆਰ ਸੁਭਾਸ਼ ਰੈਡੀ ਅਤੇ ਜੱਜ ਏ ਐਸ ਬੋਪੰਨਾ ਦੇ ਬੈਂਚ ਨੇ ਵੀਡੀਉ ਕਾਨਫ਼ਰੰਸ ਰਾਹੀਂ ਸੁਣਵਾਈ ਮਗਰੋਂ ਰਾਮਪਾਲ ਦੀ ਪਟੀਸ਼ਨ ਰੱਦ ਕਰ ਦਿਤੀ। ਰਾਮਪਾਲ ਅਪਣੀ ਪੋਤੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪੈਰੋਲ ਚਾਹੁੰਦਾ ਸੀ।
ਹਿਸਾਰ ਜ਼ਿਲ੍ਹੇ ਦੇ ਬਰਵਾਲਾ ਥਾਣੇ ਵਿਚ 19 ਨਵੰਬਰ 2014 ਨੂੰ ਦਰਜ ਹਤਿਆ ਦੇ ਮਾਮਲੇ ਵਿਚ ਰਾਮਪਾਲ ਅਤੇ ਉਸ ਦੇ 13 ਚੇਲਿਆਂ ਨੂੰ ਅਦਾਲਤ ਨੇ 17 ਅਕਤੂਬਰ 2018 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਹਤਿਆ, ਲੋਕਾਂ ਨੂੰ ਗ਼ਲਤ ਤਰੀਕੇ ਨਾਲ ਬੰਧਕ ਬਣਾ ਕੇ ਰੱਖਣ ਅਤੇ ਅਪਰਾਧਕ ਸਾਜ਼ਸ਼ ਦੇ ਅਪਰਾਧ ਦਾ ਦੋਸ਼ੀ ਕਰਾਰ ਦਿਤਾ ਸੀ। ਰਾਮਪਾਲ ਦੇ ਇਸ ਆਸ਼ਰਮ ਵਿਚ 19 ਨਵੰਬਰ 2014 ਨੂੰ ਔਰਤ ਦੀ ਲਾਸ਼ ਬਰਾਮਦ ਹੋਈ ਸੀ। ਰਾਮਪਾਲ ਨੂੰ ਉਸੇ ਦਿਨ ਹਤਿਆ ਅਤੇ ਹੋਰ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਜੀਨੀਅਰ ਤੋਂ 'ਸੰਤ' ਬਣੇ ਰਾਮਪਾਲ ਨੂੰ 18 ਨਵੰਬਰ 2014 ਨੂੰ ਚਾਰ ਔਰਤਾਂ ਅਤੇ ਇਕ ਬੱਚੇ ਦੀ ਮੌਤ ਨਾਲ ਸਬੰਧਤ ਇਕ ਹੋਰ ਮਾਮਲੇ ਵਿਚ ਅਦਾਲਤ ਨੇ 2018 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।