
ਦੇਸ਼ ਦਾ ਨੰਬਰ ਇਕ ਸਾਨ੍ਹ ਹੈ ਪ੍ਰੀਤਮ
ਨਵੀਂ ਦਿੱਲੀ: ਕੌਮੀ ਆਫ਼ਤ ਰੋਕੂ ਫ਼ੋਰਸ (ਐੱਨ.ਡੀ.ਆਰ.ਐੱਫ.) ਨੇ ਪਿਛਲੇ ਦਿਨੀਂ ਦਿੱਲੀ ਅਤੇ ਨੋਇਡਾ ਦੇ ਹੜ੍ਹ ਪ੍ਰਭਾਵਤ ਇਲਾਕਿਆਂ ’ਚੋਂ 900 ਤੋਂ ਵੱਧ ਪਸ਼ੂਆਂ ਨੂੰ ਬਚਾਇਆ ਹੈ, ਜਿਨ੍ਹਾਂ ’ਚ ਗਾਵਾਂ, ਕੁੱਤੇ, ਬੱਕਰੀਆਂ, ਖਰਗੋਸ਼ ਅਤੇ ਇਕ ਕਰੋੜ ਰੁਪਏ ਦਾ ਸਾਨ੍ਹ ਵੀ ਸ਼ਾਮਲ ਹੈ। ਕੁਝ ਦਿਨ ਫੋਰਸ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਫੋਰਸ ਦੇ ਬੁਲਾਰੇ ਨੇ ਇਥੇ ਦਸਿਆ ਕਿ ਇਸ ਦੇ ਮੁਲਾਜ਼ਮਾਂ ਨੇ ਦਿੱਲੀ ਦੇ ਨਾਲ ਲਗਦੇ ਨੋਇਡਾ ਦੇ ਸੈਕਟਰ 135 ਵਿਚ ਇਕ ‘‘ਮਹੱਤਵਪੂਰਨ ਅਤੇ ਚੁਨੌਤੀਪੂਰਨ ਬਚਾਅ’’ ਕੀਤਾ, ਜਿੱਥੇ ਉਨ੍ਹਾਂ ਨੇ 221 ਜਾਨਵਰਾਂ ਨੂੰ ਬਚਾਇਆ, ਜਿਨ੍ਹਾਂ ਵਿਚ ਗਾਵਾਂ, ਵੱਛੇ, ਬੱਕਰੀਆਂ, ਕੁੱਤੇ, ਖਰਗੋਸ਼ ਅਤੇ ਪ੍ਰੀਤਮ ਨਾਂ ਦਾ ਦੇਸ਼ ਦਾ ਨੰਬਰ ਇਕ ਸਾਨ੍ਹ ਸ਼ਾਮਲ ਹੈ।’’
ਫ਼ੋਰਸ ਨੇ ਟਵੀਟ ਕੀਤਾ ਕਿ ਇਸ ਸਾਨ੍ਹ ਦੀ ਕੀਮਤ ਇਕ ਕਰੋੜ ਰੁਪਏ ਹੈ। ਐਨ.ਡੀ.ਆਰ.ਐਫ਼. ਨੇ ਦਿੱਲੀ ’ਚ 16 ਟੀਮਾਂ ਲਾਈਆਂ ਹਨ।
ਐਨ.ਡੀ.ਆਰ.ਐਫ਼. ਦੇ ਬੁਲਾਰੇ ਨੇ ਕਿਹਾ ਕਿ ਫ਼ੋਰਸ ਦੇ ਜਵਾਨਾਂ ਨੇ ਦਿੱਲੀ ਦੇ ਹੜ੍ਹ ਪ੍ਰਭਾਵਤ ਖੇਤਰਾਂ ’ਚ 1,530 ਲੋਕਾਂ ਦੀ ਜਾਨ ਬਚਾਈ ਅਤੇ 6,345 ਲੋਕਾਂ ਦੇ ਨਾਲ 912 ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।
ਇਹ ਅੰਕੜੇ ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਦਿੱਲੀ-ਐਨ.ਸੀ.ਆਰ. ’ਚ ਕੀਤੇ ਗਏ ਐਨ.ਡੀ.ਆਰ.ਐਫ਼. ਦੀਆਂ ਕਾਰਵਾਈਆਂ ਨਾਲ ਸਬੰਧਤ ਹਨ। ਯਮੁਨਾ ਨਦੀ ’ਚ ਪਾੜ ਪੈਣ ਕਾਰਨ ਕਈ ਇਲਾਕੇ ਪਾਣੀ ’ਚ ਡੁੱਬ ਗਏ ਹਨ।
ਸ਼ੁਕਰਵਾਰ ਨੂੰ, ਐਨ.ਡੀ.ਆਰ.ਐਫ਼. ਨੇ ਅਪਣੇ 12 ਘੰਟਿਆਂ ਦੀ ਕਾਰਵਾਈ ਦੌਰਾਨ ਦਿੱਲੀ ਦੇ ਉਸਮਾਨਪੁਰ ਤੋਂ ਗਾਵਾਂ ਅਤੇ ਮੱਝਾਂ ਸਮੇਤ 30 ਜਾਨਵਰਾਂ ਨੂੰ ਬਚਾਇਆ। ਉਸ ਅਨੁਸਾਰ, ਐਨ.ਡੀ.ਆਰ.ਐਫ਼. ਨੇ ਵੀ ਅਪਣੇ ਪਸ਼ੂਆਂ ਦੇ ਡਾਕਟਰਾਂ ਦੀ ਮਦਦ ਨਾਲ ਇਨ੍ਹਾਂ ਜਾਨਵਰਾਂ ਦਾ ਇਲਾਜ ਕੀਤਾ।
ਬੁਲਾਰੇ ਦਾ ਕਹਿਣਾ ਹੈ ਕਿ ਜਦੋਂ ਤੋਂ ਐਨ.ਡੀ.ਆਰ.ਐਫ਼. ਨੂੰ ਬਚਾਅ ਅਤੇ ਰਾਹਤ ਕਾਰਜਾਂ 'ਚ ਲਗਾਇਆ ਗਿਆ ਹੈ, ਉਸ ਦੇ ਡਾਕਟਰਾਂ ਨੇ ਲਗਭਗ 500 ਲੋਕਾਂ ਦਾ ਇਲਾਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੌਨਸੂਨ ਦੌਰਾਨ ਬਰਸਾਤ ਅਤੇ ਹੜ੍ਹਾਂ ਨਾਲ ਸਬੰਧਤ ਆਫ਼ਤਾਂ ਨਾਲ ਨਜਿੱਠਣ ਲਈ ਐਨ.ਡੀ.ਆਰ.ਐਫ਼. ਦੀਆਂ ਕੁਲ 65 ਟੀਮਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਸੂਬਿਆਂ ’ਚ ਤਾਇਨਾਤ ਕੀਤੀਆਂ ਗਈਆਂ ਹਨ। ਤੈਨਾਤੀ ਤੋਂ ਬਾਅਦ ਫੋਰਸ ਨੇ 2286 ਤੋਂ ਵੱਧ ਜਾਨਾਂ ਬਚਾਈਆਂ ਹਨ ਅਤੇ 17,492 ਲੋਕਾਂ ਸੁਰੱਖਿਅਤ ਥਾਵਾਂ ’ਤੇ ਜਾਣ ’ਚ ਮਦਦ ਕੀਤੀ ਹੈ। ਫੋਰਸ ਨੇ 1407 ਪਸ਼ੂਆਂ ਦੀ ਜਾਨ ਵੀ ਬਚਾਈ ਹੈ।