
ਲਖਨਊ, ਪਟਨਾ ’ਚ ਵੀ ਰਿਆਇਤੀ ਦਰ ’ਤੇ ਵਿਕਰੀ ਸ਼ੁਰੂ
ਨਵੀਂ ਦਿੱਲੀ: ਮਾਨਸੂਨ ਦੀ ਭਾਰੀ ਬਾਰਿਸ਼ ਅਤੇ ਸਪਲਾਈ ਪ੍ਰਭਾਵਿਤ ਹੋਣ ਕਾਰਨ ਸ਼ਨਿਚਰਵਾਰ ਨੂੰ ਪ੍ਰਮੁੱਖ ਸ਼ਹਿਰਾਂ ਦੇ ਬਾਜ਼ਾਰਾਂ ’ਚ ਟਮਾਟਰ ਦੀ ਕੀਮਤ 250 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਟਮਾਟਰ ਦੀ ਕੁੱਲ ਭਾਰਤ ’ਚ ਔਸਤ ਕੀਮਤ 117 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਪ੍ਰਚੂਨ ਖਪਤਕਾਰਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਦਿੱਲੀ-ਐਨ.ਸੀ.ਆਰ., ਪਟਨਾ ਅਤੇ ਲਖਨਊ ਵਰਗੇ ਚੋਣਵੇਂ ਸ਼ਹਿਰਾਂ ’ਚ 90 ਰੁਪਏ ਪ੍ਰਤੀ ਕਿਲੋ ਦੀ ਛੋਟ ’ਤੇ ਟਮਾਟਰ ਵੇਚ ਰਹੀ ਹੈ।
ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ (ਐਨ.ਸੀ.ਸੀ.ਐਫ.) ਅਤੇ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (ਨੈਫੇਡ) ਕੇਂਦਰ ਦੀ ਤਰਫੋਂ ਮੋਬਾਈਲ ਵੈਨਾਂ ਰਾਹੀਂ ਸਬਸਿਡੀ ਵਾਲੀਆਂ ਦਰਾਂ ’ਤੇ ਟਮਾਟਰ ਵੇਚ ਰਹੇ ਹਨ।
ਇਕ ਟਵੀਟ ’ਚ ਕੇਂਦਰੀ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ, ‘‘ਸਹਿਯੋਗੀ ਦਰਾਂ ’ਤੇ ਟਮਾਟਰਾਂ ਦੀ ਵਿਕਰੀ ਅੱਜ ਤੋਂ ਦਿੱਲੀ ਅਤੇ ਨੋਇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਲਖਨਊ, ਪਟਨਾ ਅਤੇ ਮੁਜ਼ੱਫਰਪੁਰ ’ਚ ਸ਼ੁਰੂ ਹੋ ਰਹੀ ਹੈ।’’
ਐਨ.ਸੀ.ਸੀ.ਐਫ਼. ਦੀ ਰਾਸ਼ਟਰੀ ਰਾਜਧਾਨੀ ’ਚ ਲਗਭਗ 100 ਕੇਂਦਰੀ ਭੰਡਾਰ ਆਊਟਲੇਟਾਂ ਰਾਹੀਂ ਟਮਾਟਰ ਵੇਚਣ ਦੀ ਯੋਜਨਾ ਹੈ। ਇਹ ਦਿੱਲੀ-ਐਨ.ਸੀ.ਆਰ. ’ਚ 400 ‘ਸਫਲ’ ਰੀਟੇਲ ਆਊਟਲੇਟਾਂ ਰਾਹੀਂ ਟਮਾਟਰ ਵੇਚਣ ਲਈ ਮਦਰ ਡੇਅਰੀ ਨਾਲ ਗੱਲਬਾਤ ਕਰ ਰਹੀ ਹੈ।
ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਟਮਾਟਰ ਦੀ ਔਸਤ ਅਖਿਲ ਭਾਰਤੀ ਪ੍ਰਚੂਨ ਕੀਮਤ 116.86 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ, ਜਿਸ ਦੀ ਅਧਿਕਤਮ ਦਰ 250 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਘੱਟੋ-ਘੱਟ 25 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਮਹਾਨਗਰਾਂ ’ਚ, ਦਿੱਲੀ ’ਚ ਟਮਾਟਰ ਦੀ ਕੀਮਤ 178 ਰੁਪਏ ਪ੍ਰਤੀ ਕਿਲੋ ਹੈ। ਮੁੰਬਈ ’ਚ ਟਮਾਟਰ 150 ਰੁਪਏ ਪ੍ਰਤੀ ਕਿਲੋ ਅਤੇ ਚੇਨਈ ’ਚ 132 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਹਾਪੁੜ ’ਚ ਟਮਾਟਰ ਦੀ ਸਭ ਤੋਂ ਵੱਧ ਕੀਮਤ 250 ਰੁਪਏ ਪ੍ਰਤੀ ਕਿਲੋ ਰਹੀ।
ਜੁਲਾਈ-ਅਗਸਤ ਅਤੇ ਅਕਤੂਬਰ-ਨਵੰਬਰ ’ਚ ਉਤਪਾਦਨ ਘੱਟ ਹੋਣ ਕਾਰਨ ਟਮਾਟਰ ਦੀਆਂ ਕੀਮਤਾਂ ਆਮ ਤੌਰ ’ਤੇ ਵਧ ਜਾਂਦੀਆਂ ਹਨ। ਹਾਲਾਂਕਿ ਇਸ ਵਾਰ ਕਈ ਰਾਜਾਂ ’ਚ ਮਾਨਸੂਨ ਦੀ ਭਾਰੀ ਬਾਰਿਸ਼ ਕਾਰਨ ਸਪਲਾਈ ’ਚ ਵਿਘਨ ਪੈਣ ਕਾਰਨ ਇਸ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ।