ਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕੀਤੇ 15 ਨਵੇਂ ਐਲਾਨ
ਰਾਏਪੁਰ: ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਮੰਗਲਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਕਿਹਾ ਕਿ ਔਰਤਾਂ ਨਾਲ ਬਲਾਤਕਾਰ, ਛੇੜਛਾੜ ਅਤੇ ਹੋਰ ਅਪਰਾਧ ਦੇ ਮੁਜਰਮਾਂ ਨੂੰ ਸੂਬੇ ’ਚ ਸਰਕਾਰ ਨੌਕਰੀਆਂ ਤੋਂ ਪਾਬੰਦੀਸ਼ੁਦਾ ਕੀਤਾ ਜਾਵੇਗਾ। ਮੁੱਖ ਮੰਤਰੀ ਭੂਪੇਸ਼ ਬਘੇਲ ਨੇ 77ਵੇਂ ਆਜ਼ਾਦੀ ਦਿਹਾੜੇ ਮੌਕੇ ਰਾਜਧਾਨੀ ਰਾਏਪੁਰ ਦੇ ਪੁਲਿਸ ਪਰੇਡ ਮੈਦਾਨ ’ਚ ਝੰਡਾ ਲਹਿਰਾਇਆ। ਉਨ੍ਹਾਂ ਸਕੂਲੀ ਸਿਲੇਬਸ ’ਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਨੂੰ ਸ਼ਾਮਲ ਕਰਨ ਅਤੇ ਸੂਬੇ ਦੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਲਈ ਮੁਫ਼ਤ ਬੱਸ ਸਹੂਲਤ ਦੇਣ ਸਮੇਤ 15 ਨਵੇਂ ਐਲਾਨ ਕੀਤੇ।
ਬਘੇਲ ਨੇ ਕਿਹਾ, ‘‘ਔਰਤਾਂ ਦੀ ਸੁਰੱਖਿਆ, ਮਾਣ ਅਤੇ ਉਨ੍ਹਾਂ ਦੀ ਇੱਜ਼ਤ ਦੀ ਰਾਖੀ ਕਰਨਾ ਸਾਡੀ ਸਭ ਤੋਂ ਉਚੀ ਪਹਿਲ ਹੈ। ਅਸੀਂ ਫੈਸਲਾ ਕਰਨ ਜਾ ਰਹੇ ਹਾਂ ਕਿ ਬੱਚੀਆਂ ਅਤੇ ਔਰਤਾਂ ਨਾਲ ਛੇੜਛਾੜ, ਬਲਾਤਕਾਰ ਆਦਿ ਦੇ ਮੁਲਜ਼ਮਾਂ ਨੂੰ ਸਰਕਾਰੀ ਨੌਕਰੀਆਂ ਤੋਂ ਪਾਬੰਦੀਸ਼ੁਦਾ ਕੀਤਾ ਜਾਵੇਗਾ।’’ ਛੱਤੀਸਗੜ੍ਹ ’ਚ ਇਸ ਸਾਲ ਦੇ ਅੰਤ ਤਕ ਵਿਧਾਨ ਸਭਾ ਚੋਣਾਂ ਹੋਣਗੀਆਂ। ਮੁੱਖ ਮੰਤਰੀ ਬਘੇਲ ਦੇ ਐਲਾਨਾਂ ਨੂੰ ਚੋਣਾਂ ਦੇ ਨਜ਼ਰੀਏ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।