ਭੜਕਾਊ ਵੀਡੀਉ ਜਾਰੀ ਕਰ ਕੇ ਫਿਰਕੂ ਤਣਾਅ ਭੜਕਾਉਣ ਲਈ 1 ਅਗੱਸਤ ਨੂੰ ਦਰਜ ਕੀਤੀ ਸੀ ਐੱਫ਼.ਆਈ.ਆਰ.
ਹਰਿਆਣਾ: ਨੂਹ ਪੁਲਿਸ ਨੇ ਮੰਗਲਵਾਰ ਨੂੰ ਗਊ ਰਕਸ਼ਕ ਅਤੇ ਗਊ ਰਕਸ਼ਾ ਬਜਰੰਗ ਫੋਰਸ ਦੇ ਮੁਖੀ ਰਾਜ ਕੁਮਾਰ ਉਰਫ਼ ਬਿੱਟੂ ਬਜਰੰਗੀ ਨੂੰ ਹਰਿਆਣਾ ਦੇ ਨੂਹ ’ਚ ਹਿੰਦੂ ਸਮੂਹਾਂ ਵਲੋਂ ਕੱਢੇ ਇਕ ਜਲੂਸ ਦੌਰਾਨ ਹੋਈ ਫਿਰਕੂ ਝੜਪ ਨੂੰ ਭੜਕਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਬਜਰੰਗੀ ਨੂੰ ਫਰੀਦਾਬਾਦ ਦੀ ਪਰਵਰਤੀਆ ਕਾਲੋਨੀ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਏ.ਐਸ.ਪੀ. ਊਸ਼ਾ ਕੁੰਡੂ ਵਲੋਂ ਨੂਹ ਸਦਰ ਥਾਣੇ ’ਚ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਬਿੱਟੂ ਬਜਰੰਗੀ ਵਿਰੁਧ ਇਕ ਵਖਰਾ ਕੇਸ ਵੀ ਦਰਜ ਕੀਤਾ ਗਿਆ ਹੈ। ਬਿੱਟੂ ਬਜਰੰਗੀ ਵਿਰੁਧ ਆਈ.ਪੀ.ਸੀ. ਦੀਆਂ ਧਾਰਾਵਾਂ 148, 149, 332, 353, 186, 395, 397, 506 ਸਮੇਤ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਬਜਰੰਗੀ ਨੇ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਸਟ੍ਰੀਮ ਕੀਤੇ ਲਾਈਵ ਵੀਡੀਓਜ਼ ’ਚ ਭੜਕਾਊ ਟਿਪਣੀਆਂ ਕੀਤੀਆਂ ਸਨ, ਜੋ ਇੰਟਰਨੈੱਟ ’ਤੇ ਵਿਆਪਕ ਤੌਰ ’ਤੇ ਸਾਂਝੀਆਂ ਕੀਤੀਆਂ ਗਈਆਂ ਸਨ।
ਇਸ ਤੋਂ ਪਹਿਲਾਂ, ਯਾਤਰਾ ਦੇ ਅੱਗੇ ਵਧਣ ਤੋਂ ਪਹਿਲਾਂ ਮੁਸਲਮਾਨਾਂ ਵਿਰੁਧ ਭੜਕਾਊ ਵੀਡੀਉ ਜਾਰੀ ਕਰ ਕੇ ਫਿਰਕੂ ਤਣਾਅ ਭੜਕਾਉਣ ਲਈ ਫਰੀਦਾਬਾਦ ਦੇ ਡਬੂਆ ਪੁਲਿਸ ਸਟੇਸ਼ਨ ’ਚ 1 ਅਗੱਸਤ ਨੂੰ ਉਨ੍ਹਾਂ ਵਿਰੁਧ ਐਫ.ਆਈ.ਆਰ. ਵੀ ਦਰਜ ਕੀਤੀ ਗਈ ਸੀ।
31 ਜੁਲਾਈ ਨੂੰ ਨੂਹ ’ਚ ਫਿਰਕੂ ਦੰਗੇ ਭੜਕ ਗਏ ਸਨ, ਜਿਸ ’ਚ 6 ਲੋਕ ਮਾਰੇ ਗਏ ਸਨ ਜਦਕਿ 88 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ।