
ਰਾਮੇਸ਼ਵਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਖੁਦ ਮੰਡੀ ਵਿਚ ਉਸ ਨੂੰ ਮਿਲਣ ਗਏ ਸਨ
ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ (14 ਅਗਸਤ) ਨੂੰ ਸਬਜ਼ੀ ਵਿਕਰੇਤਾ ਰਾਮੇਸ਼ਵਰ ਨੂੰ ਮਿਲੇ ਅਤੇ ਉਨ੍ਹਾਂ ਨਾਲ ਖਾਣਾ ਖਾਧਾ। ਕਾਂਗਰਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਮੀਟਿੰਗ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਰਾਮੇਸ਼ਵਰ ਨੇ ਇਕ ਵੀਡੀਓ ਰਾਹੀਂ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ। ਉਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਰਾਮੇਸ਼ਵਰ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਰਾਮੇਸ਼ਵਰ ਨੂੰ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਨੇ ਕਿਹਾ ਹੈ ਕਿ ਰਾਮੇਸ਼ਵਰ ਜੀ ਇੱਕ ਜ਼ਿੰਦਾ ਦਿਲ ਇਨਸਾਨ ਹਨ, ਉਹ ਮਾੜੇ ਹਾਲਾਤਾਂ ਵਿਚ ਵੀ ਮੁਸਕਰਾਉਂਦੇ ਹਨ। ਉਹਨਾਂ ਦੀ ਵੀਡੀਓ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮਹਿੰਗਾਈ ਕਾਰਨ ਰਾਮੇਸ਼ਵਰ ਟਮਾਟਰ ਵੇਚਣ ਲਈ ਨਹੀਂ ਖਰੀਦ ਸਕਿਆ ਅਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਇਕ ਮੀਡੀਆ ਚੈਨਲ ਨੇ ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਰਾਮੇਸ਼ਵਰ ਨਾਲ ਮਹਿੰਗਾਈ ਨੂੰ ਲੈ ਕੇ ਗੱਲ ਕੀਤੀ ਸੀ। ਇਸ ਦੌਰਾਨ ਉਹ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਰਾਮੇਸ਼ਵਰ ਨੇ ਕਿਹਾ ਸੀ ਕਿ ਟਮਾਟਰ ਬਹੁਤ ਮਹਿੰਗੇ ਹਨ, ਮੇਰੇ ਵਿਚ ਉਨ੍ਹਾਂ ਨੂੰ ਖਰੀਦਣ ਦੀ ਹਿੰਮਤ ਨਹੀਂ ਹੈ। ਇਹ ਮਾਰਕਿਟ ਵਿਚ ਕਿਸ ਕੀਮਤ 'ਤੇ ਵਿਕ ਰਿਹਾ ਸੀ, ਇਸ ਬਾਰੇ ਕੁਝ ਵੀ ਪਤਾ ਨਹੀਂ ਹੈ। ਅਜਿਹੇ 'ਚ ਨੁਕਸਾਨ ਹੋ ਸਕਦਾ ਹੈ। ਤੁਸੀਂ ਜੋ ਵੀ ਖਰੀਦਣ ਜਾਂਦੇ ਹੋ, ਉਹ ਮਹਿੰਗਾ ਹੁੰਦਾ ਹੈ।
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਨੂੰ ਦੋ ਹਿੱਸਿਆਂ 'ਚ ਵੰਡਿਆ ਜਾ ਰਿਹਾ ਹੈ। ਇੱਕ ਪਾਸੇ ਸੱਤਾ ਦੇ ਰਾਖੇ ਤਾਕਤਵਰ ਲੋਕ ਹਨ, ਜਿਨ੍ਹਾਂ ਦੇ ਨਿਰਦੇਸ਼ਾਂ 'ਤੇ ਦੇਸ਼ ਦੀਆਂ ਨੀਤੀਆਂ ਬਣ ਰਹੀਆਂ ਹਨ ਅਤੇ ਦੂਜੇ ਪਾਸੇ ਇੱਕ ਆਮ ਭਾਰਤੀ ਹੈ, ਜਿਸ ਦੀ ਪਹੁੰਚ ਤੋਂ ਸਬਜ਼ੀਆਂ ਵਰਗੀਆਂ ਬੁਨਿਆਦੀ ਚੀਜ਼ਾਂ ਵੀ ਦੂਰ ਹੁੰਦੀਆਂ ਜਾ ਰਹੀਆਂ ਹਨ। ਸਾਨੂੰ ਅਮੀਰ-ਗਰੀਬ ਦੇ ਇਸ ਵੱਡੇ ਪਾੜੇ ਨੂੰ ਭਰਨਾ ਹੈ ਅਤੇ ਇਨ੍ਹਾਂ ਹੰਝੂਆਂ ਨੂੰ ਪੂੰਝਣਾ ਹੈ।
ਇਸ ਤੋਂ ਬਾਅਦ ਇੱਕ ਹੋਰ ਵੀਡੀਓ ਵਿਚ ਰਾਮੇਸ਼ਵਰ ਨੇ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ "ਕੀ ਮੈਂ ਰਾਹੁਲ ਸਰ (ਰਾਹੁਲ ਗਾਂਧੀ) ਨਾਲ ਗੱਲ ਕਰ ਸਕਦਾ ਹਾਂ। ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਮੇਰੀ ਚੰਗੀ ਕਿਸਮਤ ਹੋਵੇਗੀ ਜੇਕਰ ਰਾਹੁਲ ਜੀ ਮੇਰੇ ਵਰਗੇ ਛੋਟੇ ਆਦਮੀ ਨੂੰ ਮਿਲਣ।
ਜਦੋਂ ਇਹ ਵੀਡੀਓ ਰਾਹੁਲ ਗਾਂਧੀ ਤੱਕ ਪਹੁੰਚੀ ਤਾਂ ਉਹ ਖੁਦ ਰਾਮੇਸ਼ਵਰ ਨੂੰ ਮਿਲਣ ਆਜ਼ਾਦਪੁਰ ਮੰਡੀ ਪਹੁੰਚੇ। ਇੰਨਾ ਹੀ ਨਹੀਂ ਰਾਹੁਲ ਨੇ ਸਬਜ਼ੀ ਵੇਚਣ ਵਾਲੇ ਨੂੰ ਆਪਣੇ ਘਰ ਬੁਲਾਇਆ ਅਤੇ ਆਪਣੇ ਨਾਲ ਖਾਣਾ ਵੀ ਖਵਾਇਆ। ਦੱਸ ਦਈਏ ਕਿ ਰਾਮੇਸ਼ਵਰ ਉੱਤਰ ਪ੍ਰਦੇਸ਼ ਦੇ ਕਾਸਗੰਜ ਦਾ ਰਹਿਣ ਵਾਲਾ ਹੈ। ਉਹ ਪਿਛਲੇ 10-12 ਸਾਲਾਂ ਤੋਂ ਦਿੱਲੀ ਵਿਚ ਰਹਿ ਰਿਹਾ ਹੈ ਅਤੇ ਇੱਥੇ ਸਬਜ਼ੀ ਵੇਚਦਾ ਹੈ।