ਮੁੱਖ ਮੁਲਜ਼ਮ ਦੇ ਘਰੋਂ 14 ਨੇਪਾਲੀ ਅਤੇ ਦੋ ਭਾਰਤੀ ਪਾਸਪੋਰਟ ਬਰਾਮਦ
'Fake Visa Factory': ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਏਅਰਪੋਰਟ ਪੁਲਿਸ ਨੇ ਦਿੱਲੀ ਦੇ ਤਿਲਕ ਨਗਰ 'ਚ ਚੱਲ ਰਹੀ ਫਰਜ਼ੀ ਵੀਜ਼ਾ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇਸ ਫਰਜ਼ੀ ਵੀਜ਼ਾ ਫੈਕਟਰੀ ਵਿਚ ਜਾਅਲੀ ਪਾਸਪੋਰਟ ਇੰਨੀ ਸਫਾਈ ਨਾਲ ਤਿਆਰ ਕੀਤੇ ਜਾਂਦੇ ਸੀ ਕਿ ਇਨ੍ਹਾਂ ਦੀ ਸ਼ਨਾਖਤ ਕਰਨੀ ਕੋਈ ਆਸਾਨ ਗੱਲ ਨਹੀਂ ਸੀ।
ਆਈਜੀਆਈ ਹਵਾਈ ਅੱਡੇ ਦੀ ਪੁਲਿਸ ਡਿਪਟੀ ਕਮਿਸ਼ਨਰ (ਡੀਸੀਪੀ) ਊਸ਼ਾ ਰੰਗਨਾਨੀ ਨੇ ਕਿਹਾ ਕਿ 6 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਾਅਲੀ ਸ਼ੈਂਗੇਨ ਵੀਜ਼ਾ ਸਮੇਤ 14 ਨੇਪਾਲੀ ਅਤੇ ਦੋ ਭਾਰਤੀ ਪਾਸਪੋਰਟ ਬਰਾਮਦ ਕੀਤੇ ਹਨ। ਸਟੈਂਪ ਅਤੇ ਵਾਟਰਮਾਰਕ ਵਾਲੀ ਸਮੱਗਰੀ ਸਮੇਤ ਫਰਜ਼ੀ ਵੀਜ਼ਾ ਬਣਾਉਣ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ਿਵ ਗੌਤਮ (42) ,ਨਵੀਨ ਰਾਣਾ (25) , ਬਲਬੀਰ ਸਿੰਘ (65) ,ਜਸਵਿੰਦਰ ਸਿੰਘ (55) ,ਆਸ਼ਿਫ਼ ਅਲੀ (27) ,ਮਨੋਜ ਮੋਂਗਾ (51) ਵਾਸੀ ਤਿਲਕ ਨਗਰ ਵਜੋਂ ਹੋਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇੱਕ ਨੇਪਾਲੀ ਨਾਗਰਿਕ ਨੂੰ ਦਿੱਲੀ ਵਿੱਚ ਇੱਕ ਛੁਪਣਗਾਹ ਤੋਂ ਫਰਜ਼ੀ ਵੀਜ਼ਾ ਰੈਕੇਟ ਚਲਾਉਣ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਦੇ ਅਨੁਸਾਰ ਉਸਨੇ ਕਥਿਤ ਤੌਰ 'ਤੇ ਲੋਕਾਂ ਨੂੰ ਆਸਾਨੀ ਨਾਲ ਪੈਸੇ ਅਤੇ ਵਿਦੇਸ਼ ਵਿੱਚ ਵਧੀਆ ਰੋਜ਼ੀ-ਰੋਟੀ ਦਾ ਵਾਅਦਾ ਕਰਕੇ ਲੁਭਾਇਆ ਸੀ। ਦੋਸ਼ੀ ਸੁਨੀਲ ਥਾਪਾ ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਨੇਪਾਲੀ ਮਹਿਲਾ ਯਾਤਰੀ ਲਈ ਭਾਰਤੀ ਪਾਸਪੋਰਟ 'ਤੇ ਹਾਂਗਕਾਂਗ ਦਾ ਜਾਅਲੀ ਵੀਜ਼ਾ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।