ਪੂਰਬੀ ਦਿੱਲੀ ਦੇ ਗਾਂਧੀ ਨਗਰ ਦੇ ਰਹਿਣ ਵਾਲੇ ਇਸ ਵਿਅਕਤੀ ਨੂੰ 27 ਅਗਸਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ
Dengue in Delhi : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਡੇਂਗੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਰਾਜਧਾਨੀ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਇਸ ਸਾਲ ਪਹਿਲੀ ਮੌਤ ਦਰਜ ਕੀਤੀ ਗਈ ਹੈ।
ਖ਼ਬਰਾਂ ਅਨੁਸਾਰ ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਲੋਕ ਨਾਇਕ ਹਸਪਤਾਲ 'ਚ ਡੇਂਗੂ ਨਾਲ 54 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਪੂਰਬੀ ਦਿੱਲੀ ਦੇ ਗਾਂਧੀ ਨਗਰ ਦੇ ਰਹਿਣ ਵਾਲੇ ਇਸ ਵਿਅਕਤੀ ਨੂੰ 27 ਅਗਸਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਸਰਕਾਰੀ ਰਿਕਾਰਡ ਅਨੁਸਾਰ ਉਸ ਨੂੰ 8 ਸਤੰਬਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ''ਪਿਛਲੇ ਹਫਤੇ ਡੇਂਗੂ ਕਾਰਨ ਮਰੀਜ਼ ਦੀ ਮੌਤ ਹੋ ਗਈ ਸੀ। ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਮੁਤਾਬਕ ਇਸ ਸਾਲ ਰਾਜਧਾਨੀ ਵਿੱਚ ਡੇਂਗੂ ਦੇ 650 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
2023 ਵਿੱਚ ਦਿੱਲੀ ਵਿੱਚ ਡੇਂਗੂ ਦੇ 9,266 ਮਾਮਲੇ ਅਤੇ 19 ਮੌਤਾਂ ਦਰਜ ਕੀਤੀਆਂ ਗਈਆਂ ਸਨ। ਪਿਛਲੇ ਸਾਲ ਜੀ-20 ਸੰਮੇਲਨ ਤੋਂ ਪਹਿਲਾਂ ਨਗਰ ਨਿਗਮ ਨੇ ਡੇਂਗੂ ਦੇ ਮਾਮਲਿਆਂ ਅਤੇ ਮੌਤਾਂ 'ਤੇ ਹਫਤਾਵਾਰੀ ਰਿਪੋਰਟਾਂ ਜਾਰੀ ਕਰਨੀਆਂ ਬੰਦ ਕਰ ਦਿੱਤੀਆਂ ਸਨ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਹਰ ਸਾਲ ਮਾਨਸੂਨ ਦੌਰਾਨ ਡੇਂਗੂ ਦਾ ਪ੍ਰਕੋਪ ਦੇਖਣ ਨੂੰ ਮਿਲਦਾ ਹੈ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਡੇਂਗੂ ਦੇ ਡਰਾਉਣੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਪਿਛਲੇ ਕਈ ਸਾਲਾਂ ਤੋਂ ਡੇਂਗੂ ਦੇ ਡੰਗ ਨਾਲ ਲੜਨ ਤੋਂ ਬਾਅਦ ਭਾਰਤ ਨੇ ਇਸ ਨਾਲ ਨਜਿੱਠਣ ਲਈ ਇੱਕ ਟੀਕਾ ਬਣਾਇਆ ਹੈ, ਜਿਸਦਾ ਨਾਮ DengiAll ਹੈ। ਇਸ ਦਾ ਕਲੀਨਿਕਲ ਟ੍ਰਾਇਲ ਤੀਜੇ ਪੜਾਅ 'ਤੇ ਪਹੁੰਚ ਗਿਆ ਹੈ।