ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਹੁਤ ਸਾਰੇ ਵਸਨੀਕਾਂ ਨੇ ਇਸ ਫੈਸਲੇ ਦੀ ਕੀਤੀ ਆਲੋਚਨਾ
Port Blair New Name : ਅੰਡੇਮਾਨ ਅਤੇ ਨਿਕੋਬਾਰ ਟਾਪੂ ਦੀ ਰਾਜਧਾਨੀ ਪੋਰਟ ਬਲੇਅਰ ਦਾ ਨਾਂ ਬਦਲ ਕੇ ‘ਸ਼੍ਰੀ ਵਿਜੇਪੁਰਮ’ ਕਰਨ ’ਤੇ ਇਸ ਦੇ ਵਸਨੀਕਾਂ ਨੇ ਰਲਵੀਂ-ਮਿਲਵੀਂ ਪ੍ਰਤੀਕਿਰਿਆ ਦਿਤੀ ਹੈ। ਕਈਆਂ ਨੇ ਇਸ ਕਦਮ ਨੂੰ ਵਿਅਰਥ ਦਸਿਆ ਹੈ, ਜਦਕਿ ਕਈਆਂ ਦਾ ਕਹਿਣਾ ਹੈ ਕਿ ਇਹ ਬਸਤੀਵਾਦੀ ਚਿੰਨ੍ਹਾਂ ਨੂੰ ਖਤਮ ਕਰਨ ਲਈ ਇਕ ਜ਼ਰੂਰੀ ਕਦਮ ਸੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਦਾ ਨਾਂ ਬਦਲ ਕੇ ‘ਸ਼੍ਰੀ ਵਿਜੇਪੁਰਮ’ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਾ ਨਾਮ ਬਸਤੀਵਾਦੀ ਵਿਰਾਸਤ ਸੀ ਪਰ ਸ਼੍ਰੀ ਵਿਜੇਪੁਰਮ ਭਾਰਤ ਦੇ ਸੁਤੰਤਰਤਾ ਸੰਗਰਾਮ ’ਚ ਪ੍ਰਾਪਤ ਜਿੱਤ ਅਤੇ ਇਸ ’ਚ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੀ ਵਿਲੱਖਣ ਭੂਮਿਕਾ ਦਾ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੋਰਟ ਬਲੇਅਰ ਦਾ ਨਾਮ ਬਦਲਣ ਦੀ ਸ਼ਲਾਘਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਬਸਤੀਵਾਦੀ ਮਾਨਸਿਕਤਾ ਤੋਂ ਛੁਟਕਾਰਾ ਪਾਉਣ ਅਤੇ ‘ਸਾਡੀ ਵਿਰਾਸਤ ਦਾ ਜਸ਼ਨ ਮਨਾਉਣ’ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਹਾਲਾਂਕਿ, ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਹੁਤ ਸਾਰੇ ਵਸਨੀਕਾਂ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ। ਲੋਕਲ ਬੋਰਨ ਐਸੋਸੀਏਸ਼ਨ (ਐਲ.ਬੀ.ਏ.) ਦੇ ਪ੍ਰਧਾਨ ਰਾਕੇਸ਼ ਪਾਲ ਗੋਬਿੰਦ ਨੇ ਦਾਅਵਾ ਕੀਤਾ ਕਿ ਨਾਮ ਬਦਲਣ ਦਾ ਫੈਸਲਾ ਸਮੂਹ ਅਤੇ ਹੋਰ ਸਥਾਨਕ ਲੋਕਾਂ ਨਾਲ ਸਲਾਹ-ਮਸ਼ਵਰੇ ਤੋਂ ਬਿਨਾਂ ਕੀਤਾ ਗਿਆ ਸੀ।
ਗੋਬਿੰਦ ਨੇ ਕਿਹਾ ਕਿ ਉਨ੍ਹਾਂ ਨੂੰ ਨਿਊਜ਼ ਚੈਨਲਾਂ ਰਾਹੀਂ ਪਤਾ ਲੱਗਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਪੋਰਟ ਬਲੇਅਰ ਦਾ ਨਾਂ ਬਦਲ ਕੇ ਸ੍ਰੀ ਵਿਜੇਪੁਰਮ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਟਾਪੂ ਵਾਸੀ ਡੂੰਘੇ ਸਦਮੇ ’ਚ ਹਨ ਕਿਉਂਕਿ ਇਸ ਫੈਸਲੇ ਬਾਰੇ ਸਥਾਨਕ ਲੋਕਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਸੀ।
87 ਸਾਲ ਦੇ ਆਮਿਰ ਅਲੀ ਇਸ ਫੈਸਲੇ ਨੂੰ ਅਪਣੇ ਪੁਰਖਿਆਂ ਦਾ ਅਪਮਾਨ ਮੰਨਦੇ ਹਨ, ਜਿਨ੍ਹਾਂ ਨੇ ਆਜ਼ਾਦੀ ਸੰਗਰਾਮ ਦੌਰਾਨ ਅਪਣੀਆਂ ਜਾਨਾਂ ਕੁਰਬਾਨ ਕਰ ਦਿਤੀ ਆਂ ਸਨ। ਉਨ੍ਹਾਂ ਕਿਹਾ, ‘‘ਕੇਂਦਰ ਸਰਕਾਰ ਨੇ ਬਿਨਾਂ ਸਲਾਹ-ਮਸ਼ਵਰੇ ਦੇ ਸ਼ਹਿਰ ਦਾ ਨਾਂ ਬਦਲ ਦਿਤਾ।’’
ਪੋਰਟ ਬਲੇਅਰ ਦੇ ਮਸ਼ਹੂਰ ਕਾਰੋਬਾਰੀ ਟੀ.ਐਸ.ਜੀ. ਭਾਸਕਰ ਨੇ ਕਿਹਾ ਕਿ ਇਹ ਨਾਮ ਉਸ ਸਮੇਂ ਦੇ ਆਜ਼ਾਦੀ ਘੁਲਾਟੀਏ ਅਤੇ ਅਣਗੌਲੇ ਨਾਇਕਾਂ ਦੇ ਨਾਮ ’ਤੇ ਰੱਖਿਆ ਜਾ ਸਕਦਾ ਸੀ।
ਜਦਕਿ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਅੰਡੇਮਾਨ ਅਤੇ ਨਿਕੋਬਾਰ ਟਾਪੂ ਤੋਂ ਭਾਜਪਾ ਸੰਸਦ ਮੈਂਬਰ ਬਿਸ਼ਨੂ ਪਾਡਾ ਰੇ ਨੇ ਕਿਹਾ ਕਿ ਨਾਮ ਬਦਲਣ ਦੀ ਸਖ਼ਤ ਜ਼ਰੂਰਤ ਸੀ। ਉਨ੍ਹਾਂ ਕਿਹਾ, ‘‘ਪੋਰਟ ਬਲੇਅਰ ਦਾ ਨਾਂ ਬਦਲਣ ਦੀ ਸਖ਼ਤ ਲੋੜ ਸੀ ਕਿਉਂਕਿ ਪਿਛਲੇ ਨਾਮ ਨੇ ਸਾਨੂੰ ਬ੍ਰਿਟਿਸ਼ ਸ਼ਾਸਨ ਦੌਰਾਨ ਗੁਲਾਮੀ ਦੀ ਯਾਦ ਦਿਵਾ ਦਿਤੀ ਸੀ।’’
ਇਤਿਹਾਸਕਾਰਾਂ ਨੇ ਨੋਟ ਕੀਤਾ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੂੰ 11 ਵੀਂ ਸਦੀ ਦੇ ਚੋਲ ਸਮਰਾਟ ਰਾਜੇਂਦਰ ਪਹਿਲੇ ਵਲੋਂ ਸ਼੍ਰੀਵਿਜੇ (ਹੁਣ ਇੰਡੋਨੇਸ਼ੀਆ) ’ਤੇ ਹਮਲਾ ਕਰਨ ਲਈ ਰਣਨੀਤਕ ਸਮੁੰਦਰੀ ਬੇਸ ਵਜੋਂ ਵਰਤਿਆ ਗਿਆ ਸੀ।
ਇਤਿਹਾਸਕਾਰ ਪੀ. ਸਰਕਾਰ ਨੇ ਕਿਹਾ, ‘‘ਦਖਣੀ ਭਾਰਤ ਦੇ ਚੋਲ ਰਾਜਵੰਸ਼ ਨੇ ਇਕ ਵਿਸ਼ਾਲ ਸਮੁੰਦਰੀ ਖੇਤਰ ’ਤੇ ਰਾਜ ਕੀਤਾ। ਚੋਲਾਂ ਨੇ ਸ਼੍ਰੀਵਿਜੇ ਸਾਮਰਾਜ ’ਤੇ ਹਮਲਾ ਕਰਨ ਲਈ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੂੰ ਇਕ ਅੱਡੇ ਵਜੋਂ ਵਰਤਿਆ। 1050 ਈ. ਦੇ ਤੰਜਾਵੁਰ ਸ਼ਿਲਾਲੇਖ ਨੇ ਰਾਜੇਂਦਰ ਚੋਲ ਪਹਿਲੇ ਦੇ ਸ਼ਾਸਨ ਦੌਰਾਨ ਇਨ੍ਹਾਂ ਟਾਪੂਆਂ ਨੂੰ ‘ਨੱਕਾਵਰਮ’ ਵਜੋਂ ਦਰਸਾਇਆ ਸੀ।’’
ਉਨ੍ਹਾਂ ਕਿਹਾ, ‘‘ਅੰਡੇਮਾਨ ਕਮੇਟੀ ਦੇ ਚੇਅਰਮੈਨ ਫਰੈਡਰਿਕ ਜੌਨ ਮੌਟ ਨੇ ਬ੍ਰਿਟਿਸ਼ ਸਰਵੇਅਰ ਆਰਚੀਬਾਲਡ ਬਲੇਅਰ ਦੇ ਸਨਮਾਨ ਵਿਚ 4 ਅਪ੍ਰੈਲ 1858 ਨੂੰ ਬੰਦਰਗਾਹ ਖੇਤਰ ਦਾ ਨਾਂ ਬਦਲ ਕੇ ਪੋਰਟ ਬਲੇਅਰ ਕਰ ਦਿਤਾ ਸੀ।’’