
ਯੂਪੀ ਦੇ ਰਾਏਬਰੇਲੀ ਜ਼ਿਲ੍ਹੇ ਵਿਚ ਮੁੰਡਨ ਸਸਕਾਰ ਕਰਾ ਕੇ ਮੁੜ ਰਹੇ ਲੋਕਾਂ ਦੇ ਵਾਹਨ ਅਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ
ਰਾਏਬਰੇਲੀ, 15 ਅਕਤੂਬਰ : ਯੂਪੀ ਦੇ ਰਾਏਬਰੇਲੀ ਜ਼ਿਲ੍ਹੇ ਵਿਚ ਮੁੰਡਨ ਸਸਕਾਰ ਕਰਾ ਕੇ ਮੁੜ ਰਹੇ ਲੋਕਾਂ ਦੇ ਵਾਹਨ ਅਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ ਅਤੇ 35 ਤੋਂ ਵੱਧ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਮਾਪਿਆਂ ਨੂੰ ਦੋ ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ।
ਪੁਲਿਸ ਸੂਤਰਾਂ ਨੇ ਦਸਿਆ ਕਿ ਫ਼ਤਿਹਪੁਰ ਤੋਂ ਮੁੰਡਨ ਸਸਕਾਰ ਕਰਵਾਉਣ ਮਗਰੋਂ ਦੇਰ ਸ਼ਾਮ ਘਰ ਮੁੜ ਰਹੇ ਲੋਕਾਂ ਨਾਲ ਭਰੇ ਵਾਹਨ ਨੂੰ ਮਦਾਰੀਪੁਰ ਪਿੰਡ ਲਾਗੇ ਗ਼ਲਤ ਦਿਸ਼ਾ ਤੋਂ ਆ ਰਹੀ ਤੇਜ਼ ਰਫ਼ਤਾਰ ਨਿਜੀ ਬੱਸ ਨੇ ਟੱਕਰ ਮਾਰ ਦਿਤੀ। ਉਨ੍ਹਾਂ ਦਸਿਆ ਕਿ ਟੱਕਰ ਏਨੀ ਜ਼ਬਰਦਸਤ ਸੀ ਕਿ ਪਿਕਅੱਪ ਦੇ ਪਰਖਚੇ ਉਡ ਗਏ ਅਤੇ ਉਸ ਵਿਚ ਸਵਾਰ ਪੰਜ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਾਂ ਨੇ ਜ਼ਿਲ੍ਹਾ ਹਸਪਤਾਲ ਵਿਚ ਦਮ ਤੋੜ ਦਿਤਾ। ਮ੍ਰਿਤਕਾਂ ਵਿਚ 78 ਸਾਲਾ ਰਾਮਮੂਰਤੀ, 35 ਸਾਲਾ ਊਸ਼ਾ, 50 ਸਾਲਾ ਪਾਰਵਤੀ, 35 ਸਾਲਾ ਬੰਸੀਲਾਲ ਅਤੇ 25 ਸਾਲਾ ਅੰਕਿਤ ਸੋਨਕਰ ਅਤੇ ਅਗਿਆਤ ਸ਼ਾਮਲ ਹਨ।
ਹਾਦਸੇ ਵਿਚ ਦੋ ਵਾਹਨਾਂ ਵਿਚ ਸਵਾਰ 35 ਯਾਤਰੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਵਿਚੋਂ ਚਾਰ ਨੂੰ ਟਰਾਮਾ ਸੈਂਟਰ ਲਖਨਊ ਭੇਜਿਆ ਗਿਆ ਹੈ। ਬਾਕੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।