
ਆਡੀਟੋਰੀਅਮ ਕੰਪਲੈਕਸ ਦੇ ਹਰੇ-ਭਰੇ ਲਾਅਨ ਵਿੱਚ ਵਰਧਮਾਨ ਉੱਨ ਦੀਆਂ ਬਣੀਆਂ ਰੰਗ-ਬਿਰੰਗੀਆਂ ਟੋਪੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।
ਨਵੀਂ ਦਿੱਲੀ - ਏਅਰ ਫ਼ੋਰਸ ਵਾਈਵਜ਼ ਵੈਲਫ਼ੇਅਰ ਐਸੋਸੀਏਸ਼ਨ (ਏ.ਐਫ਼.ਡਬਲਯੂ.ਡਬਲਯੂ.ਏ.) ਨੇ ਸ਼ਨੀਵਾਰ ਨੂੰ ਇੱਥੇ 41,541 ਬੁਣੀਆਂ ਹੋਈਆਂ ਊਨੀ ਟੋਪੀਆਂ ਪ੍ਰਦਰਸ਼ਿਤ ਕਰਕੇ 'ਗਿਨੀਜ਼ ਵਰਲਡ ਰਿਕਾਰਡ' ਬਣਾਇਆ ਹੈ। ਐਸੋਸੀਏਸ਼ਨ ਦੀ 'ਨਿਟਥਾਨ' ਮੁਹਿੰਮ 15 ਜੁਲਾਈ ਨੂੰ ਸ਼ੁਰੂ ਹੋਈ ਅਤੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਵਿੱਚ, ਦੇਸ਼ ਭਰ ਦੀਆਂ ਲਗਭਗ 3,000 ਮਹਿਲਾ ਮੈਂਬਰਾਂ ਨੇ 40,000 ਤੋਂ ਵੱਧ ਊਨੀ ਟੋਪੀਆਂ ਬੁਣੀਆਂ। 'ਗਿਨੀਜ਼ ਵਰਲਡ ਰਿਕਾਰਡਜ਼' ਦੇ ਜੱਜ ਰਿਸ਼ੀ ਨਾਥ ਨੇ ਇੱਥੇ ਆਈਏਐਫ਼ ਆਡੀਟੋਰੀਅਮ 'ਚ ਆਯੋਜਿਤ ਇੱਕ ਸਮਾਗਮ ਦੌਰਾਨ ਕਿਹਾ, ''ਰਿਕਾਰਡ ਵਿਲੱਖਣ ਹੈ ਅਤੇ ਇਹ ਸਭ ਤੋਂ ਜ਼ਿਆਦਾ ਊਨੀ ਟੋਪੀਆਂ ਪ੍ਰਦਰਸ਼ਿਤ ਕਰਨ ਨਾਲ ਸੰਬੰਧਿਤ ਸੀ। ਇਹ ਆਪਣੀ ਕਿਸਮ ਦੀ ਪਹਿਲੀ ਸ਼੍ਰੇਣੀ ਹੈ।"
ਆਡੀਟੋਰੀਅਮ ਕੰਪਲੈਕਸ ਦੇ ਹਰੇ-ਭਰੇ ਲਾਅਨ ਵਿੱਚ ਵਰਧਮਾਨ ਉੱਨ ਦੀਆਂ ਬਣੀਆਂ ਰੰਗ-ਬਿਰੰਗੀਆਂ ਟੋਪੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਨ੍ਹਾਂ ਟੋਪੀਆਂ ਨੂੰ ਇਸ ਤਰ੍ਹਾਂ ਰੱਖਿਆ ਗਿਆ ਸੀ ਕਿ ਇਹ '41,541' ਦੇ ਅੰਕ ਦੇ ਰੂਪ ਵਿੱਚ ਦਿਖਾਈ ਦੇਣ।
ਏ.ਐਫ਼.ਡਬਲਯੂ.ਡਬਲਯੂ.ਏ. ਦੀ ਪ੍ਰਧਾਨ ਨੀਤਾ ਚੌਧਰੀ ਨੇ ਕਿਹਾ, “ਇਹ ਟੋਪੀਆਂ ਸਾਡੀ ਐਸੋਸੀਏਸ਼ਨ ਦੇ ਲਗਭਗ 3,000 ਮੈਂਬਰਾਂ ਵੱਲੋਂ ਸਾਡੀ ਵਿਸ਼ੇਸ਼ ਮੁਹਿੰਮ ਨਿਟਥਾਨ (Knittathon) ਅਧੀਨ ਬੁਣੀਆਂ ਗਈਆਂ ਹਨ। 15 ਜੁਲਾਈ ਨੂੰ ਸ਼ੁਰੂ ਹੋਈ ਇਹ ਮੁਹਿੰਮ 15 ਅਕਤੂਬਰ ਨੂੰ ਸਮਾਪਤ ਹੋਈ। ਸਰਦੀਆਂ ਤੋਂ ਪਹਿਲਾਂ ਲੋੜਵੰਦ ਲੋਕਾਂ ਨੂੰ ਟੋਪੀਆਂ ਵੰਡੀਆਂ ਜਾਣਗੀਆਂ।"
ਇਹ ਸਮਾਗਮ ਏ.ਐਫ਼.ਡਬਲਯੂ.ਡਬਲਯੂ.ਏ. ਦੀ 52ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ‘ਸੂਖਮ ਭਾਗੀਦਾਰੀ’ ਰਾਹੀਂ ਹਾਸਲ ਕੀਤੀਆਂ ਪ੍ਰਾਪਤੀਆਂ ਲਈ ਔਰਤਾਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲੇ ਦਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਆਡੀਟੋਰੀਅਮ ਕੰਪਲੈਕਸ 'ਚ ਪਹੁੰਚੇ ਅਤੇ ਏ.ਐਫ਼.ਡਬਲਯੂ.ਡਬਲਯੂ.ਏ. ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।