
Global Hunger Index 'ਚ ਹੋਰ ਵਿਗੜੀ ਭਾਰਤ ਦੀ ਸਥਿਤੀ, ਭੁੱਖਮਰੀ ਦੇ ਸ਼ਿਕਾਰ ਹਨ ਦੇਸ਼ ਦੇ ਲੱਖਾਂ ਲੋਕ
ਨਵੀਂ ਦਿੱਲੀ - ਗਲੋਬਲ ਹੰਗਰ ਇੰਡੈਕਸ 2022 ਵਿੱਚ ਭਾਰਤ ਦੀ ਸਥਿਤੀ ਵਿਗੜ ਗਈ ਹੈ। 121 ਦੇਸ਼ਾਂ ਵਿੱਚੋਂ ਭਾਰਤ 107ਵੇਂ ਸਥਾਨ ਉੱਤੇ ਹੈ, ਜਦ ਕਿ ਦੁਨੀਆ ਭਰ 'ਚੋਂ 19.3 ਫ਼ੀਸਦੀ ਬੱਚਿਆਂ ਵਿੱਚ ‘ਚਾਈਲਡ ਵੇਸਟਿੰਗ ਰੇਟ’ (ਬੱਚਿਆਂ ਦੀ ਮੌਤ ਦਰ) ਵਿੱਚ ਵੀ ਭਾਰਤ ਦੀ ਹਾਲਤ ਸਾਰੀ ਦੁਨੀਆ ਨਾਲੋਂ ਖ਼ਰਾਬ ਹੈ। ਗੁਆਂਢੀ ਦੇਸ਼ ਪਾਕਿਸਤਾਨ (99), ਬੰਗਲਾਦੇਸ਼ (84), ਨੇਪਾਲ (81) ਅਤੇ ਸ੍ਰੀਲੰਕਾ (64) ਭਾਰਤ ਨਾਲੋਂ ਬਿਹਤਰ ਸਥਿਤੀ ਵਿੱਚ ਹਨ। ਏਸ਼ੀਆ ਦੇ ਸਾਰੇ ਦੇਸ਼ਾਂ 'ਚ 109ਵੇਂ ਸਥਾਨ ਨਾਲ ਸਿਰਫ਼ ਅਫ਼ਗਾਨਿਸਤਾਨ ਹੀ ਭਾਰਤ ਤੋਂ ਪਿੱਛੇ ਸਿਰਫ ਹੈ। ਗਲੋਬਲ ਹੰਗਰ ਇੰਡੈਕਸ (GHI) ਗਲੋਬਲ, ਖੇਤਰੀ ਅਤੇ ਰਾਸ਼ਟਰੀ ਪੱਧਰ 'ਤੇ ਭੁੱਖ ਦੀ ਨਿਗਰਾਨੀ ਅਤੇ ਗਣਨਾ ਕਰਦਾ ਹੈ। 29.1 ਦੇ ਸਕੋਰ ਨਾਲ ਭਾਰਤ ਵਿੱਚ ਭੁੱਖ ਦਾ ਪੱਧਰ 'ਗੰਭੀਰ' ਵਰਨਣ ਕੀਤਾ ਗਿਆ ਹੈ।
2021 ਵਿੱਚ ਭਾਰਤ 116 ਦੇਸ਼ਾਂ ਵਿੱਚੋਂ 101ਵੇਂ ਸਥਾਨ ’ਤੇ ਸੀ, ਜਦਕਿ 2020 ਵਿੱਚ ਇਹ 94ਵੇਂ ਸਥਾਨ ’ਤੇ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਧ ਭੁੱਖਮਰੀ ਵਾਲੇ ਖੇਤਰ, ਦੱਖਣੀ ਏਸ਼ੀਆ ਵਿੱਚ ਬੱਚਿਆਂ ਦੀ ਸਟੰਟਿੰਗ (ਕੱਦ ਦਾ ਛੋਟਾਪਨ ਜਾਂ ਬੌਣਾਪਨ) ਦਰ ਸਭ ਤੋਂ ਵੱਧ ਹੈ।
ਕਿਹਾ ਗਿਆ ਹੈ, "ਭਾਰਤ ਵਿੱਚ 'ਬੱਚਿਆਂ ਦੀ ਮੌਤ ਦਰ' 19.3 ਪ੍ਰਤੀਸ਼ਤ ਹੈ ਜੋ ਕਿ ਦੁਨੀਆ ਭਰ 'ਚ ਸਭ ਤੋਂ ਵੱਧ ਹੈ ਅਤੇ ਭਾਰਤ ਦੀ ਵੱਡੀ ਆਬਾਦੀ ਦੇ ਕਾਰਨ, ਇਸ ਖੇਤਰ ਦੀ ਔਸਤ ਵਧਦੀ ਹੈ। ਭਾਰਤ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਬੱਚਿਆਂ ਦੀ ਸਟੰਟਿੰਗ ਦਰ (ਬੌਣਾਪਨ ਦਰ) 35 ਤੋਂ 38 ਫ਼ੀਸਦੀ ਦੇ ਵਿਚਕਾਰ ਹੈ, ਅਤੇ ਅਫ਼ਗਾਨਿਸਤਾਨ 'ਚ ਇਸ ਦਰ ਸਭ ਤੋਂ ਵੱਧ ਹੈ।
ਭਾਰਤ ਵਿੱਚ ਕੁਪੋਸ਼ਣ ਦਾ ਪਸਾਰਾ 2018-2020 ਵਿੱਚ ਦਰਜ ਕੀਤੇ 14.6 ਫ਼ੀਸਦੀ ਤੋਂ ਵਧ ਕੇ 2019-2021 ਵਿੱਚ 16.3 ਫ਼ੀਸਦੀ ਹੋ ਗਿਆ ਹੈ। ਇਸ ਦਾ ਮਤਲਬ ਹੈ ਕਿ ਸੰਸਾਰ ਦੀ ਕੁੱਲ 828 ਮਿਲੀਅਨ ਆਬਾਦੀ ਵਿੱਚੋਂ ਭਾਰਤ ਵਿੱਚ 22.43 ਮਿਲੀਅਨ ਲੋਕ ਕੁਪੋਸ਼ਣ ਦੇ ਸ਼ਿਕਾਰ ਹਨ। ਭਾਰਤ ਵਿੱਚ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਦਾ ਸੂਚਕ ਅੰਕ ਵੀ ਵਿਗੜ ਗਿਆ ਹੈ। 2012-16 ਵਿੱਚ ਦਰਜ ਕੀਤੇ 15.1 ਫ਼ੀਸਦੀ ਤੋਂ ਵਧ ਕੇ 2017-21 ਵਿੱਚ ਇਹ 19.3 ਫ਼ੀਸਦੀ ਹੋ ਗਿਆ।
ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਵਿਸ਼ਵ ਸੰਕਟ ਦੇ ਵਧਣ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਸਮੱਸਿਆ ਦੇ ਸੰਭਾਵੀ ਹੱਲ ਵਾਸਤੇ 'ਸਿਆਸੀ ਇੱਛਾ ਸ਼ਕਤੀ' ਦੀ ਘਾਟ ਹੈ।