23 ਲੋਕ ਗੰਭੀਰ ਜ਼ਖ਼ਮੀ, ਪ੍ਰਧਾਨ ਮੰਤਰੀ ਨੇ ਮੁਆਵਜ਼ੇ ਦਾ ਕੀਤਾ ਐਲਾਨ
ਮਹਾਰਾਸ਼ਟਰ: ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ 'ਚ ਸਮਰੁੱਧੀ ਐਕਸਪ੍ਰੈੱਸ ਵੇਅ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਐਤਵਾਰ ਸਵੇਰੇ ਤੇਜ਼ ਰਫਤਾਰ ਨਾਲ ਜਾ ਰਹੀ ਇਕ ਮਿੰਨੀ ਬੱਸ ਦੇ ਇਕ ਕੰਟੇਨਰ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਿੱਜੀ ਬੱਸ 'ਚ 35 ਯਾਤਰੀ ਸਵਾਰ ਸਨ। ਪੀਐਮ ਮੋਦੀ ਨੇ ਹਾਦਸੇ ਵਿੱਚ ਜ਼ਖ਼ਮੀਆਂ ਅਤੇ ਮਰਨ ਵਾਲਿਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਤਾਮਿਲਨਾਡੂ 'ਚ ਕਾਰ ਤੇ ਲਾਰੀ ਦੀ ਆਪਸ 'ਚ ਹੋਈ ਭਿਆਨਕ ਟੱਕਰ, 7 ਲੋਕਾਂ ਦੀ ਮੌਤ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹੇ ਦੇ ਐਕਸਪ੍ਰੈੱਸ ਵੇਅ ਦੇ ਵੈਜਾਪੁਰ ਖੇਤਰ 'ਚ ਰਾਤ ਕਰੀਬ 12.30 ਵਜੇ ਵਾਪਰਿਆ, ਜੋ ਮੁੰਬਈ ਤੋਂ ਕਰੀਬ 350 ਕਿਲੋਮੀਟਰ ਦੂਰ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿਤਾ, ਜਿਸ ਕਾਰਨ ਬੱਸ ਪਿੱਛੇ ਤੋਂ ਕੰਟੇਨਰ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ 12 ਯਾਤਰੀਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਫਰੀਦਕੋਟ 'ਚ ਰਾਤ 3 ਘੰਟੇ ਪਿਆ ਮੀਂਹ, ਦੋ ਵਾਰ ਪਏ ਗੜੇ, ਨਰਮੇ ਦੀ ਫਸਲ ਦਾ ਨੁਕਸਾਨ
ਮਰਨ ਵਾਲਿਆਂ ਵਿਚ ਪੰਜ ਪੁਰਸ਼, ਛੇ ਔਰਤਾਂ ਅਤੇ ਇੱਕ ਨਾਬਾਲਗ ਲੜਕੀ ਸ਼ਾਮਲ ਹੈ। ਅਧਿਕਾਰੀ ਨੇ ਦੱਸਿਆ ਕਿ 23 ਹੋਰ ਯਾਤਰੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਛਤਰਪਤੀ ਸੰਭਾਜੀਨਗਰ ਜ਼ਿਲ੍ਹੇ 'ਚ ਹੋਏ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ PMNRF ਤੋਂ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਸੀਐਮਓ ਨੇ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਸਰਕਾਰ ਚੁੱਕੇਗੀ।
                    
                