
Baba Siddiqui murder case : ਬਾਲਕਰਮ ਮਹਾਰਾਸ਼ਟਰ ਦੇ ਪੁਣੇ ’ਚ ਕਬਾੜ ਡੀਲਰ ਦਾ ਕੰਮ ਕਰਦਾ ਸੀ
Baba Siddiqui murder case : ਮੁੰਬਈ : ਮੁੰਬਈ ਪੁਲਿਸ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ ’ਚ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਇਕ ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਰਹਿਣ ਵਾਲੇ ਹਰੀਸ਼ ਕੁਮਾਰ ਬਾਲਕ ਰਾਮ (23) ਵਜੋਂ ਹੋਈ ਹੈ। ਉਸ ਨੂੰ ਅੱਜ ਮੁੰਬਈ ਦੀ ਅਦਾਲਤ ’ਚ ਪੇਸ਼ ਕੀਤੇ ਜਾਣ ਤੋਂ ਬਾਅਦ 21 ਅਕਤੂਬਰ ਤਕ ਪੁਲਿਸ ਹਿਰਾਸਤ ’ਚ ਭੇਜ ਦਿਤਾ ਗਿਆ।
ਅਧਿਕਾਰੀਆਂ ਨੇ ਦਸਿਆ ਕਿ ਬਾਲਕਰਮ ਮਹਾਰਾਸ਼ਟਰ ਦੇ ਪੁਣੇ ’ਚ ਕਬਾੜ ਡੀਲਰ ਦਾ ਕੰਮ ਕਰਦਾ ਸੀ। ਇਹ ਮੁਲਜ਼ਮ ਵੀ ਕਤਲ ਦੀ ਸਾਜ਼ਸ਼ ’ਚ ਵੀ ਸ਼ਾਮਲ ਹੈ। ਅਧਿਕਾਰੀ ਨੇ ਦਸਿਆ ਕਿ ਉਸ ਨੂੰ ਬਹਿਰਾਈਚ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ ਸਿੱਦੀਕੀ ਦੇ ਕਤਲ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਚਾਰ ਹੋ ਗਈ ਹੈ।
ਪੁਲਿਸ ਨੇ ਇਸ ਤੋਂ ਪਹਿਲਾਂ ਕਥਿਤ ਨਿਸ਼ਾਨੇਬਾਜ਼ ਗੁਰਮੇਲ ਬਲਜੀਤ ਸਿੰਘ (23) ਵਾਸੀ ਹਰਿਆਣਾ, ਧਰਮਰਾਜ ਰਾਜੇਸ਼ ਕਸ਼ਯਪ (19) ਵਾਸੀ ਉੱਤਰ ਪ੍ਰਦੇਸ਼ ਅਤੇ ‘ਸਹਿ-ਸਾਜ਼ਸ਼ਕਰਤਾ’ ਪ੍ਰਵੀਨ ਲੋਨਕਰ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਸੀ। ਇਕ ਹੋਰ ਸ਼ੱਕੀ ਹਮਲਾਵਰ ਸ਼ਿਵਕੁਮਾਰ ਗੌਤਮ ਬਹਿਰਾਈਚ ਦਾ ਰਹਿਣ ਵਾਲਾ ਹੈ ਅਤੇ ਫਰਾਰ ਹੈ।
ਮੁੰਬਈ ਪੁਲਿਸ ਅਨੁਸਾਰ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ 66 ਸਾਲ ਦੇ ਆਗੂ ਬਾਬਾ ਸਿੱਦੀਕੀ ਨੂੰ ਸਨਿਚਰਵਾਰ ਰਾਤ ਨੂੰ ਮੁੰਬਈ ਦੇ ਬਾਂਦਰਾ ਖੇਤਰ ਦੇ ਖੇਰ ਨਗਰ ’ਚ ਉਨ੍ਹਾਂ ਦੇ ਵਿਧਾਇਕ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਦਫਤਰ ਦੇ ਬਾਹਰ ਤਿੰਨ ਵਿਅਕਤੀਆਂ ਨੇ ਘੇਰ ਲਿਆ ਅਤੇ ਗੋਲੀ ਮਾਰ ਦਿਤੀ। ਬਾਬਾ ਸਿੱਦੀਕੀ ਨੂੰ ਤੁਰਤ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।