
ਪਾਬੰਦੀ ਦੇ ਹੁਕਮ ਵੀ ਵਾਪਸ ਲਏ ਗਏ
ਲੇਹ : ਪਿਛਲੇ ਮਹੀਨੇ ਹੋਈ ਹਿੰਸਾ ਤੋਂ ਬਾਅਦ ਕਾਂਗਰਸੀ ਕੌਂਸਲਰ ਸਮੇਤ 6 ਨੇਤਾਵਾਂ ਨੂੰ ਤਿੰਨ ਹਫ਼ਤਿਆਂ ਦੀ ਹਿਰਾਸਤ ਤੋਂ ਬਾਅਦ ਜ਼ਮਾਨਤ ਉਤੇ ਰਿਹਾਅ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਲੇਹ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ.) ਦੀ ਧਾਰਾ 163 ਦੇ ਤਹਿਤ 24 ਸਤੰਬਰ ਨੂੰ ਹਿੰਸਾ ਤੋਂ ਬਾਅਦ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਵੀ ਵਾਪਸ ਲੈਣ ਦੇ ਹੁਕਮ ਦਿਤੇ ਹਨ। ਹਿੰਸਾ ਵਿਚ ਚਾਰ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।
ਅਧਿਕਾਰੀਆਂ ਮੁਤਾਬਕ ਸਥਾਨਕ ਅਦਾਲਤ ਨੇ ਜਿਨ੍ਹਾਂ ਨੇਤਾਵਾਂ ਨੂੰ ਜ਼ਮਾਨਤ ਦਿਤੀ ਹੈ, ਉਨ੍ਹਾਂ ’ਚ ਅਪਰ ਲੇਹ ਤੋਂ ਕਾਂਗਰਸੀ ਕੌਂਸਲਰ ਸਤਾਨਜ਼ਿਨ ਫੁੰਟਸੋਗ ਸੇਪਾਕ, ਲੱਦਾਖ ਬੋਧੀ ਸੰਘ (ਐਲ.ਬੀ.ਏ.) ਦੀ ਮਹਿਲਾ ਵਿੰਗ ਦੀ ਪ੍ਰਧਾਨ ਕੁੰਜੇਸ ਡੋਲਮਾ, ਅੰਜੁਮਨ ਮੋਇਨ-ਉਲ-ਇਸਲਾਮ ਦੇ ਇਰਫਾਨ ਬਾਰੀ ਅਤੇ ਲੇਹ ਦੀ ਸਰਬਉੱਚ ਸੰਸਥਾ ਤੋਂ ਪਦਮਾ ਸਤਾਨਜ਼ਿਨ, ਜਿਗਮੇਤ ਪਾਲਜੋਰ ਅਤੇ ਸਟੈਨਜ਼ਿਨ ਚੋਸਪੇਲ ਸ਼ਾਮਲ ਹਨ।
ਉਹ ਉਨ੍ਹਾਂ ਕਈ ਨੌਜੁਆਨ ਨੇਤਾਵਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਕਥਿਤ ਤੌਰ ਉਤੇ ਵਿਆਪਕ ਹਿੰਸਾ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਉਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਸਥਾਨਕ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ ਸੀ। ਪੁਲਿਸ ਨੇ 70 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਉਨ੍ਹਾਂ ’ਚੋਂ ਅੱਧੇ ਨੂੰ ਪਿਛਲੇ ਹਫ਼ਤੇ ਪਹਿਲਾਂ ਹੀ ਜ਼ਮਾਨਤ ਉਤੇ ਰਿਹਾਅ ਕੀਤਾ ਗਿਆ ਹੈ।
ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਨਾਲ ਮਿਲ ਕੇ ਲੇਹ ਦੀ ਸਿਖਰਲੀ ਸੰਸਥਾ ਸੋਨਮ ਵਾਂਗਚੁਕ ਸਮੇਤ ਹਿਰਾਸਤ ’ਚ ਲਏ ਗਏ ਸਾਰੇ ਵਿਅਕਤੀਆਂ ਦੀ ਰਿਹਾਈ, ਨਿਆਂਇਕ ਜਾਂਚ ਅਤੇ ਚਾਰ ਮਾਰੇ ਗਏ ਵਿਅਕਤੀਆਂ ਅਤੇ ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀਆਂ ਦੇ ਪਰਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਲਈ ਜ਼ੋਰ ਦੇ ਰਹੀ ਹੈ ਤਾਂ ਜੋ ਕੇਂਦਰ ਨਾਲ ਰੁਕੀ ਹੋਈ ਗੱਲਬਾਤ ਮੁੜ ਸ਼ੁਰੂ ਕੀਤੀ ਜਾ ਸਕੇ।
ਜ਼ਿਲ੍ਹਾ ਮੈਜਿਸਟਰੇਟ ਨੇ ਅਪਣੇ ਹੁਕਮ ’ਚ ਤੁਰਤ ਪ੍ਰਭਾਵ ਨਾਲ ਜ਼ਿਲ੍ਹੇ ’ਚ ਧਾਰਾ 163 ਬੀ.ਐਨ.ਐਸ.ਐਸ. ਤਹਿਤ ਲੱਗੀਆਂ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ। ਲੇਡ ਦੇ ਜ਼ਿਲ੍ਹਾ ਮੈਜਿਸਟਰੇਟ ਰੋਮਿਲ ਸਿੰਘ ਡੋਂਕ ਨੇ ਕਿਹਾ, ‘‘...ਜਦੋਂਕਿ ਸੀਨੀਅਰ ਪੁਲਿਸ ਕਪਤਾਨ ਨੇ ਦਸਿਆ ਹੈ ਕਿ ਹੁਣ ਸ਼ਾਂਤੀ ਅਤੇ ਜਨਤਕ ਵਿਵਸਥਾ ਦੀ ਉਲੰਘਣਾ ਦਾ ਕੋਈ ਖਦਸ਼ਾ ਨਹੀਂ ਹੈ ਅਤੇ ਉਨ੍ਹਾਂ ਨੇ ਸਿਫਾਰਸ਼ ਕੀਤੀ ਹੈ ਕਿ ਬੀ.ਐਨ.ਐਸ.ਐਸ. ਦੀ ਧਾਰਾ 163 ਅਧੀਨ ਲਗਾਈ ਗਈ ਪਾਬੰਦੀ ਵਾਪਸ ਲਈ ਜਾ ਸਕਦੀ ਹੈ।’’ ਡੋਂਕ ਨੇ ਕਿਹਾ, ‘‘ਇਸ ਲਈ ਮੈਂ 24 ਸਤੰਬਰ ਨੂੰ ਲਗਾਈਆਂ ਗਈਆਂ ਪਾਬੰਦੀਆਂ ਨੂੰ ਤੁਰਤ ਪ੍ਰਭਾਵ ਨਾਲ ਵਾਪਸ ਲੈ ਲੈਂਦਾ ਹਾਂ।’’