
ਝੁਲਸ ਰੋਗ ਦਾ ਹੋ ਸਕਦੈ ਹਮਲਾ
ਜਲੰਧਰ : ਬੀਤੇ ਦਿਨ ਹੋਈ ਬਾਰਸ਼ ਨੇ ਜਿੱਥੇ ਕਣਕ ਦੇ ਕਾਸ਼ਤਕਾਰਾਂ ਦੇ ਵਾਰੇ ਨਿਆਰੇ ਕਰ ਦਿਤੇ ਨੇ, ਉੱਥੇ ਹੀ ਜੇਕਰ ਅਜਿਹਾ ਮੌਸਮ ਦੁਬਾਰਾ ਬਣ ਗਿਆ ਤਾਂ ਆਲੂ ਉਤਪਾਦਕਾਂ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ। ਬਾਰਿਸ਼ ਕਾਰਨ ਆਲੂ ਦੀ ਫ਼ਸਲ 'ਤੇ ਝੁਲਸ ਰੋਗ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਸਬੰਧੀ ਵਿਭਾਗ ਨੇ ਕਿਸਾਨਾਂ ਨੂੰ ਸਾਵਧਾਨੀ ਵਜੋਂ ਆਲੂ ਦੀ ਫ਼ਸਲ 'ਤੇ ਦਵਾਈਆਂ ਦਾ ਛਿੜਕਾਅ ਕਰਨ ਦੀ ਸਲਾਹ ਵੀ ਦਿੱਤੀ ਹੈ।
file photoਪੰਜਾਬ ਬਾਗਬਾਨੀ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਡਾ. ਨਰੇਸ਼ ਕੁਮਾਰ ਨੇ ਦਸਿਆ ਕਿ ਅਜੇ ਤਕ ਪਈ ਬਾਰਿਸ਼ ਨਾਲ ਭਾਵੇਂ ਆਲੂ ਦੀ ਫ਼ਸਲ ਦਾ ਬਹੁਤਾ ਨੁਕਸਾਨ ਨਹੀਂ ਹੋਇਆ। ਪਰ ਜੇਕਰ ਇਹ ਮੀਂਹ ਜਾਰੀ ਰਹਿੰਦਾ ਹੈ ਜਾਂ ਕੁੱਝ ਦਿਨ ਬਾਅਦ ਫਿਰ ਅਜਿਹਾ ਮੌਸਮ ਬਣਦਾ ਹੈ ਤਾਂ ਆਲੂ ਦੀ ਫ਼ਸਲ 'ਤੇ ਪਲਾਈਐਸ਼ ਦੀ ਬਿਮਾਰੀ ਦਾ ਹਮਲਾ ਹੋ ਸਕਦਾ ਹੈ। ਇਸ ਨਾਲ ਆਲੂ ਦੀਆਂ ਵੇਲਾਂ ਝੁਲਸ ਕੇ ਤਬਾਹ ਹੋ ਸਕਦੀਆਂ ਹਨ।
file photoਕਾਬਲੇਗੌਰ ਹੈ ਕਿ ਸੂਬੇ ਕਈ ਹਿੱਸਿਆਂ ਵਿਚ ਬੀਤੇ ਦਿਨੀਂ ਭਾਰੀ ਤੋਂ ਦਰਮਿਆਨੀ ਬਾਰਿਸ਼ ਹੋਈ ਸੀ।
file photoਉਨ੍ਹਾਂ ਦਸਿਆ ਕਿ ਪੰਜਾਬ ਆਲੂ ਉਤਪਾਦਨ 'ਚ ਦੇਸ਼ ਵਿਚੋਂ ਮੋਹਰੀ ਹੈ। ਸਾਲ 2015-16 ਵਿਚ 92359 ਹੈਕਟੇਅਰ ਵਿਚੋਂ ਤਕਰੀਬਨ 22,62404 ਟਨ ਆਲੂ ਦਾ ਉਤਪਾਦਨ ਹੋਇਆ ਸੀ। ਸਾਲ 2016-17 ਵਿਚ 97000 ਹੈਕਟੇਅਰ ਅਤੇ 2019 ਵਿਚ ਇਕ ਲੱਖ ਹੈਕਟੇਅਰ ਵਿਚ ਆਲੂ ਦੀ ਫ਼ਸਲ ਬੀਜੀ ਗਈ ਸੀ। ਪੰਜਾਬ ਵਿਚ ਜਲੰਧਰ ਜ਼ਿਲ੍ਹਾ ਆਲੂ ਦੀ ਕਾਸ਼ਤ ਵਿਚ ਮੋਹਰੀ ਹੈ, ਸਭ ਤੋਂ ਪਿੱਛੇ ਪਠਾਨਕੋਟ ਹੈ, ਜਿੱਥੇ 4 ਹੈਕਟੇਅਰ ਇਲਾਕੇ ਵਿਚ ਆਲੂ ਦੀ ਬਿਜਾਈ ਹੁੰਦੀ ਹੈ।