
ਕਿਹਾ, ਕਿਸਾਨੀ ਅੰਦੋਲਣ ’ਚ ਕੋਈ ਵੀ ਦੇਸ਼ ਵਿਰੋਧੀ ਸ਼ਾਮਲ ਨਹੀਂ ਹੈ, ਨਾ ਹੀ ਹੋਣ ਦਿਤਾ ਜਾਵੇਗਾ
ਨਵੀਂ ਦਿੱਲੀ : ਕਿਸਾਨਾਂ ਨੂੰ ਖਾਲਿਸਤਾਨੀ, ਨਕਸਲੀ ਅਤੇ ਦੇਸ਼-ਧਰੋਹੀ ਕਹਿਣ ਵਾਲਿਆਂ ਨੂੰ ਕਰਾਰਾ ਜਵਾਬ ਦੇਣ ਲਈ ਦੇਸ਼ ਦੇ ਅਸਲੀ ਰਾਖੇ ਸਾਹਮਣੇ ਆਉਣ ਲੱਗੇ ਹਨ। ਸੱਤਾਧਾਰੀ ਧਿਰ ਵਲੋਂ ਸੰਘਰਸ਼ੀ ਕਿਸਾਨਾਂ ਖਿਲਾਫ਼ ਤਰ੍ਹਾਂ-ਤਰ੍ਹਾਂ ਦੇ ਬਿਆਨ ਦਾਗਣ ਤੋਂ ਦੁਖੀ ਸਾਬਕਾ ਫ਼ੌਜੀਆਂ ਨੇ ਵੀ ਕਿਸਾਨਾਂ ਦੇ ਹੱਕ ’ਚ ਮੋਰਚਾ ਸੰਭਾਲ ਲਿਆ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ’ਚ ਬਹਾਦਰੀ ਮੈਡਲਾਂ ਸਮੇਤ ਪਹੁੰਚੇ ਸਾਬਕਾ ਫ਼ੌਜੀਆਂ ਦਾ ਕਹਿਣਾ ਹੈ ਕਿ ਦਿੱਲੀ ਦੀਆਂ ਬਰੂਹਾਂ ਤੋਂ ਕਿਸਾਨਾਂ ਦੀਆਂ ਮੰਗਾਂ ਮੰਨਵਾ ਕੇ ਹੀ ਵਾਪਸ ਪਰਤਣਗੇ।
Farmers Dharna
ਆਪਣੇ ਬਹਾਦਰੀ ਦੇ ਮੈਡਲ ਆਪਣੀ ਛਾਤੀ ’ਤੇ ਲਾ ਕੇ ਕਿਸਾਨਾਂ ਦੀ ਹਮਾਇਤ ਕਰਨ ਪਹੁੰਚੇ ਸਾਬਕਾ ਫ਼ੌਜੀ ਕਮਲਦੀਪ ਸਿੰਘ ਨੇ ਕਿਹਾ ਕਿ ਉਹ 5 ਸਾਲ ਪਹਿਲਾਂ ਇੰਡੀਅਨ ਆਰਮੀ ਤੋਂ ਰਿਟਾਇਰ ਹੋਏ ਹਨ। ਅੱਜ ਉਹ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਆਏ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ। ਉਨ੍ਹਾਂ ਕਿਹਾ ਆਪਣੇ ਹੱਕ ਮੰਗਣਾ ਕੋਈ ਗ਼ਲਤ ਗੱਲ ਨਹੀਂ ਹੈ। ਅਸੀਂ ਕਿਸਾਨ ਤੇ ਮਜ਼ਦੂਰਾਂ ਦੇ ਹੱਕਾਂ ਲਈ ਇੱਥੇ ਆਏ ਹਾਂ।
Farmers Dharna
ਸਾਬਕਾ ਫ਼ੌਜੀ ਕਮਲਦੀਪ ਸਿੰਘ ਮੁਤਾਬਕ ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਕਿਸਾਨਾਂ ਦੇ ਹੱਕ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸ ਰਹੀ ਹੈ, ਪਰ ਜਦੋਂ ਕਿਸਾਨ ਇਸ ਅਖੌਤੀ ਫ਼ਾਇਦੇ ਨੂੰ ਲੈਣ ਲਈ ਤਿਆਰ ਨਹੀਂ ਹਨ ਤਾਂ ਸਰਕਾਰ ਕਿਸਾਨਾਂ ਦਾ ਧੱਕੇ ਨਾਲ ਫ਼ਾਇਦਾ ਕਿਉਂ ਕਰ ਰਹੀ ਹੈ।
Farmers Dharna
ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਹੀ ਇਸ ਅੰਦੋਲਨ ਨੂੰ ਅੱਗੇ ਵਧਾਵਾਂਗੇ। ਕਿਸਾਨੀ ਅੰਦੋਲਨ ’ਚ ਦੇਸ਼-ਵਿਰੋਧੀ ਅਨਸਰਾਂ ਦੀ ਘੁਸਪੈਠ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਇੱਥੇ ਕੋਈ ਵੀ ਦੇਸ਼-ਵਿਰੋਧੀ ਅਨਸਰ ਨਹੀਂ ਹੈ ਅਤੇ ਨਾ ਹੀ ਅਸੀਂ ਇਸ ਅੰਦੋਲਨ ਵਿਚ ਕਿਸੇ ਗ਼ਲਤ ਅਨਸਰ ਨੂੰ ਦਾਖ਼ਲ ਹੋਣ ਦੇਵਾਂਗੇ।
Farmers Protest
ਕਾਬਲੇਗੌਰ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਰਾਜਧਾਨੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੇ ਹੱਕ ’ਚ ਦੇਸ਼ ਭਰ ਵਿਚੋਂ ਵੱਖ-ਵੱਖ ਵਰਗਾਂ ਦੇ ਲੋਕ ਪਹੁੰਚ ਰਹੇ ਹਨ। ਕਿਸਾਨੀ ਸੰਘਰਸ਼ ’ਚ ਦੇਸ਼ ਵਿਰੋਧੀ ਤਾਕਤਾਂ ਦੀ ਸ਼ਮੂਲੀਅਤ ਦੇ ਪ੍ਰਚਾਰ ਤੋਂ ਦੁਖੀ ਸਾਬਕਾ ਫ਼ੌਜੀ ਕਿਸਾਨਾਂ ਦੇ ਸੰਘਰਸ਼ ’ਚ ਸਾਥ ਦੇਣ ਲਈ ਪਹੁੰਚਣ ਲੱਗੇ ਹਨ। ਇੰਨਾ ਹੀ ਨਹੀਂ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ’ਚ ਤੈਨਾਤ ਫ਼ੌਜੀ ਜਵਾਨ ਵੀ ਕਿਸਾਨੀ ਸੰਘਰਸ਼ ਸ਼ਾਮਲ ਅਪਣੇ ਪਿਉ-ਦਾਦਿਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ। ਇਸੇ ਤਰ੍ਹਾਂ ਇਕ ਫ਼ੌਜੀ ਜਵਾਨ ਦੀ ਫ਼ੋਟੋ ਬੀਤੇ ਦਿਨ ਸੋਸ਼ਲ ਮੀਡੀਆ ਵਿਚ ਵਾਇਰਲ ਹੋਈ ਸੀ, ਜਿਸ ਨੇ ਸੰਘਰਸ਼ੀ ਕਿਸਾਨਾਂ ਨੂੰ ਵੱਖਵਾਦੀ ਕਹਿਣ ਵਾਲਿਆਂ ਨੂੰ ਲਾਹਨਤਾਂ ਪਾਈਆਂ ਹਨ।