
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦੱਸਿਆ
ਨਵੀਂ ਦਿੱਲੀ: 2017 ਤੋਂ 2021 ਦਰਮਿਆਨ ਦੇਸ਼ ਵਿਚ ਲਗਭਗ ਹਰ ਦਿਨ ਦਾਜ ਕਾਰਨ ਮੌਤਾਂ ਦੇ 20 ਮਾਮਲੇ ਸਾਹਮਣੇ ਆਏ ਅਤੇ ਉੱਤਰ ਪ੍ਰਦੇਸ਼ ਵਿਚ ਹਰ ਰੋਜ਼ ਦਾਜ ਕਾਰਨ ਸਭ ਤੋਂ ਵੱਧ ਛੇ ਮੌਤਾਂ ਹੋਈਆਂ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦੱਸਿਆ ਕਿ 2017 ਤੋਂ 2021 ਦਰਮਿਆਨ ਦੇਸ਼ ਵਿਚ ਦਾਜ ਕਾਰਨ ਮੌਤਾਂ ਦੇ 35,493 ਮਾਮਲੇ ਸਾਹਮਣੇ ਆਏ ਹਨ।
ਉਹਨਾਂ ਦੱਸਿਆ ਕਿ ਸਾਲ 2017 ਵਿਚ ਦਾਜ ਕਾਰਨ ਮੌਤਾਂ ਦੇ 7,466, 2018 ਵਿਚ 7,167, 2019 ਵਿਚ 7,141, 2020 ਵਿਚ 6,966 ਅਤੇ 2021 ਵਿਚ 6,753 ਮਾਮਲੇ ਸਾਹਮਣੇ ਆਏ ਹਨ।
ਮਿਸ਼ਰਾ ਨੇ ਦੱਸਿਆ ਕਿ ਇਹਨਾਂ 5 ਸਾਲਾਂ ਦੌਰਾਨ ਉੱਤਰ ਪ੍ਰਦੇਸ਼ 'ਚ ਦਾਜ ਕਾਰਨ ਰੋਜ਼ਾਨਾ 6 ਮੌਤਾਂ ਹੋਈਆਂ ਹਨ। ਉਹਨਾਂ ਦੱਸਿਆ ਕਿ 2017 ਤੋਂ 2021 ਦੌਰਾਨ ਬਿਹਾਰ ਵਿਚ 5,354, ਮੱਧ ਪ੍ਰਦੇਸ਼ ਵਿਚ 2,859, ਪੱਛਮੀ ਬੰਗਾਲ ਵਿਚ 2,389 ਅਤੇ ਰਾਜਸਥਾਨ ਵਿਚ 2,244 ਮਾਮਲੇ ਦਰਜ ਕੀਤੇ ਗਏ।